ਜੇਐੱਨਐੱਨ, ਬਾਦਲ ਪਿੰਡ (ਸ੍ਰੀ ਮੁਕਤਸਰ ਸਾਹਿਬ) : Prakash Singh Badal's Birthday : ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਆਗੂਆਂ 'ਚ ਸ਼ਾਮਲ ਹਨ ਜਿਹੜੇ 90 ਪਾਰ ਹੋਣ ਤੋਂ ਬਾਅਦ ਵੀ ਸਿਆਸਤ 'ਚ ਪੂਰੀ ਤਰ੍ਹਾਂ ਸਰਗਰਮ ਹਨ। ਬਾਦਲ ਅੱਜ ਆਪਣਾ 94ਵਾਂ ਜਨਮਦਿਨ ਮਨਾ ਰਹੇ ਹਨ। ਇਸ ਉਮਰੇ ਵੀ ਉਨ੍ਹਾਂ ਅੰਦਰ ਜੋਸ਼ ਤੇ ਜਨੂੰਨ ਦੀ ਕਮੀ ਨਹੀਂ ਹੈ। ਹਰ ਵੇਲੇ ਉਹ ਆਪਣੇ ਸਾਥੀਆਂ ਨਾਲ ਤਾਜ਼ਾ ਹਾਲਾਤ 'ਤੇ ਚਰਚਾ ਕਰਦੇ ਨਜ਼ਰ ਆਉਂਦੇ ਹਨ।

8, ਦਸੰਬਰ 1927 ਨੂੰ ਜਨਮੇ ਪ੍ਰਕਾਸ਼ ਸਿੰਘ ਬਾਦਲ ਨੇ ਸਿਆਸਤ ਦੀ ਸ਼ੁਰੂਆਤ ਜਮ਼ੀਨ ਤੋਂ ਕੀਤੀ। ਉਹ ਉਨ੍ਹਾਂ ਪ੍ਰਮੁੱਖ ਆਗੂਆਂ 'ਚ ਸ਼ਾਮਲ ਹਨ ਜਿਹੜੇ ਆਜ਼ਾਦੀ ਵੇਲੇ ਤੋਂ ਸਿਆਸਤ 'ਚ ਸਰਗਰਮ ਹੋ ਗਏ ਸਨ। ਉਹ 1957 'ਚ ਪਹਿਲੀ ਵਾਰ ਗਿੱਦੜਬਾਹਾ ਤੋਂ ਵਿਧਾਇਕ ਬਣੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਪਿੰਡ ਦੀ ਸਰਪੰਚੀ ਕਰ ਕੇ ਰਾਜਨੀਤੀ 'ਚ ਕਦਮ ਰੱਖਿਆ।

ਉਹ 1970 'ਚ ਪਹਿਲੀ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ ਸਨ। ਉਸ ਤੋਂ ਬਾਅਦ ਉਹ 1977 'ਚ, ਫਿਰ 1997 'ਚ, ਫਿਰ 2007 'ਚ 2012 'ਚ ਸੂਬੇ ਦੇ ਮੁੱਖ ਮੰਤਰੀ ਵਜੋਂ ਸੇਵਾਵਾਂ ਦਿੰਦੇ ਰਹੇ। ਉਹ ਇਕ ਵਾਰ 1977 'ਚ ਫ਼ਰੀਦਕੋਟ ਤੋਂ ਐੱਮਪੀ ਵੀ ਰਹੇ। ਉਨ੍ਹਾਂ ਜ਼ਿਆਦਾਤਰ ਚੋਣ ਲੰਬੀ ਹਲਕੇ ਤੋਂ ਹੀ ਲੜੀ। ਉਂਝ ਤਾਂ ਉਨ੍ਹਾਂ ਗਿੱਦੜਬਾਹਾ, ਕਿਲ੍ਹਾ ਰਾਏਪੁਰ ਤੋਂ ਵੀ ਚੋਣ ਲੜੀ ਹੈ।

ਬਾਦਲ ਮੁੱਖ ਮੰਤਰੀ ਅਹੁਦੇ ਤੋਂ ਇਲਾਵਾ ਭਾਈਚਾਰਕ ਵਿਕਾਸ, ਪੰਚਾਇਤੀ ਰਾਜ, ਪਸ਼ੂ-ਪਾਲਣ, ਡੇਅਰੀ ਮੰਤਰੀ ਦੇ ਰੂਪ 'ਚ ਕੰਮ ਕਰ ਚੁੱਕੇ ਹਨ। ਉਹ ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਦੀ ਸਰਕਾਰ 'ਚ ਕੇਂਦਰੀ ਮੰਤਰੀ ਵੀ ਰਹਿ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੂੰ ਖੇਤੀਬਾੜੀ ਤੇ ਸਿੰਜਾਈ ਮੰਤਰੀ ਦਾ ਅਹੁਦਾ ਵੀ ਸੌਂਪਿਆ ਗਿਆ ਸੀ। ਬਾਦਲ ਨੇ ਐਮਰਜੈਂਸੀ ਦੌਰਾਨ ਅਕਾਲੀ ਅੰਦੋਲਨ ਦੀ ਅਗਵਾਈ ਕੀਤੀ ਸੀ। ਭਾਰਤੀ ਸਿਆਸਤ 'ਚ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ ਪੰਥ ਰਤਨ ਐਵਾਰਡ ਦਿੱਤਾ ਜਾ ਚੁੱਕਾ ਹੈ।

ਤਿੰਨ ਵਾਰ ਕੇਕ ਕੱਟ ਕੇ ਮਨਾਇਆ 94ਵਾਂ ਜਨਮਦਿਨ

ਸਵੇਰੇ 11 ਵਜੇ ਉਨ੍ਹਾਂ ਦੇ ਘਰ ਲੋਕਾਂ ਦਾ ਆਉਣਾ-ਜਾਣਾ ਸ਼ੁਰੂ ਹੋਇਆ। ਪਹਿਲਾਂ ਪਿੰਡ ਬਾਦਲ ਦੇ ਦਸ਼ਮੇਸ਼ ਸਕੂਲ ਦੇ ਬੱਚੇ ਉਨ੍ਹਾਂ ਦੇ ਘਰ ਪਹੁੰਚੇ। ਬਾਦਲ ਨੇ ਉਨ੍ਹਾਂ ਨਾਲ ਕੇਕ ਕੱਟਿਆ ਤੇ ਬੱਚਿਆਂ ਦੀ ਵਧਾਈ ਸਵੀਕਾਰ ਕੀਤੀ। ਇਸ ਤੋਂ ਬਾਅਦ ਵੱਡੀ ਗਿਣਤੀ 'ਚ ਪਹੁੰਚੇ ਅਕਾਲੀ ਆਗੂਆਂ ਅਤੇ ਵਰਕਰਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਪ੍ਰਕਾਸ਼ ਸਿੰਘ ਬਾਦਲ ਨੂੰ ਵਧਾਈ ਦੇਣ ਲਈ ਬਿਕਰਮ ਮੀਜੀਠੀਆ, ਪ੍ਰੇਮ ਸਿੰਘ ਚੰਦੂਮਾਜਰਾ, ਦਲਜੀਤ ਸਿੰਘ ਚੀਮਾ, ਪਰਮਜੀਤ ਕੌਰ, ਸ਼ਰਨਜੀਤ ਢਿੱਲੋਂ, ਤੋਤਾ ਸਿੰਘ, ਗੁਰਤੇਜ ਸਿੰਘ ਘੜਿਆਣਾ, ਮਹੇਸ਼ਇੰਦਰ ਸਿੰਘ ਗਰੇਵਾਲ, ਚਰਨਜੀਤ ਬਰਾੜ, ਸਿਕੰਦਰ ਸਿੰਘ ਮਲੂਕਾ, ਦਿਆਲ ਸਿੰਘ ਕੋਲਿਆਂਵਾਲੀ, ਜਗਦੀਪ ਨਕਾਈ, ਬਲਵਿੰਦਰ ਸਿੰਘ ਭੂੰਦੜ ਸਮੇਤ ਹੋਰ ਵੀ ਆਗੂ ਪਹੁੰਚੇ, ਜਿਨ੍ਹਾਂ ਨੇ ਬਾਦਲ ਨੂੰ ਗੁਲਦਸਤੇ ਦੇ ਕੇ ਜਨਮ ਦਿਨ ਦੀ ਵਧਾਈ ਦਿੱਤੀ। ਬਾਦਲ ਦੁਪਹਿਰ ਤਕ ਵਧਾਈਆਂ ਲੈਣ 'ਚ ਹੀ ਜੁਟੇ ਰਹੇ। ਬਾਦਲ ਨੇ ਘਰ 'ਚ ਹੀ ਆਗੂਆਂ ਨਾਲ ਵੀ ਕੇਟ ਕੱਟਿਆ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨਾਲ ਤੀਸਰੀ ਵਾਰ ਕੇਕ ਕੱਟਿਆ ਤੇ ਸਾਰਿਆਂ ਦਾ ਧੰਨਵਾਦ ਕੀਤਾ।

ਭਰਾ ਗੁਰਦਾਸ ਤੇ ਬਾਦਲ ਨੇ ਇਕ-ਦੂਸਰੇ ਨੂੰ ਖੁਆਇਆ ਕੇਕ

ਪਰਿਵਾਰਕ ਮੈਂਬਰ ਨਾਲ ਕੇਕ ਕੱਟਦੇ ਸਮੇਂ ਉਨ੍ਹਾਂ ਦੇ ਛੋਟੇ ਭਰਾ ਤੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਦੇ ਪਿਤਾ ਗੁਰਦਾਸ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਮੌਜੂਦ ਸਨ। ਇਸ ਦੌਰਾਨ ਗੁਰਦਾਸ ਬਾਦਲ ਨੇ ਵੱਡੇ ਭਰਾ ਪ੍ਰਕਾਸ਼ ਸਿੰਘ ਬਾਦਲ ਦਾ ਮੂੰਹ ਮਿੱਠਾ ਕਰਵਾਇਆ, ਜਦਕਿ ਦੋਵਾਂ 'ਚ ਖੁੱਲ੍ਹ ਕੇ ਗੱਲਬਾਤ ਨਹੀਂ ਹੋਈ, ਪਰ ਚਿਹਰੇ 'ਤੇ ਖੁਸ਼ੀ ਸੀ।

ਕਸਰਤ ਕਰੋ, ਨਸ਼ੇ ਤੋਂ ਰਹੋ ਦੂਰ

ਇਸ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਿੱਥੇ ਆਪਣੀ ਸਿਹਤ ਦਾ ਰਾਜ ਸਾਂਝਾ ਕੀਤਾ, ਉੱਥੇ ਹੀ ਸਭ ਨੂੰ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਆ। ਉਨ੍ਹਾਂ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣ, ਵਿਹਲੇ ਨਾ ਬੈਠਣ, ਕਸਰਤ ਕਰਨ, ਲੋੜਵੰਦਾਂ ਦੀ ਮਦਦ ਕਰਨ, ਪਰਮਾਤਮਾ ਦਾ ਨਾਮ ਜਪਣ ਲਈ ਕਿਹਾ। ਉਨ੍ਹਾਂ ਕਿਹਾ ਕਿ ਅਜੋਕੀ ਰਾਜਨੀਤੀ ਅਤੇ ਪਹਿਲਾਂ ਵਾਲੀ ਰਾਜੀਨੀਤੀ 'ਚ ਵੀ ਅੰਤਰ ਹੈ। ਪਹਿਲਾ ਸੇਵਾ ਲਈ ਰਾਜਨੀਤੀ ਕੀਤੀ ਜਾਂਦੀ ਸੀ, ਪਰ ਹੁਣ ਨਿੱਜੀ ਲਾਭ ਲਈ ਰਾਜਨੀਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਅਹੁਦੇ ਦੀ ਭੁੱਖ ਨਹੀਂ ਹੁੰਦੀ ਸੀ, ਪਰ ਹੁਣ ਕੰਮ ਹੀ ਅਹੁਦੇ ਲੈਣ ਲਈ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਨੇਤਾਵਾਂ ਨੂੰ ਚਾਹੀਦਾ ਹੈ ਕਿ ਨਿੱਜੀ ਭੇਦਭਾਵ ਤਿਆਗ ਕੇ ਸੇਵਾ ਭਾਵਨਾ ਨਾਲ ਲੋਕ ਭਲਾਈ ਲਈ ਕੰਮ ਕੀਤਾ ਜਾਵੇ।

Posted By: Seema Anand