ਅੰਗਰੇਜ ਭੁੱਲਰ, ਫਿਰੋਜ਼ਪੁਰ : ਪੂਰੇ ਪੰਜਾਬ ਵਿਚ ਨਸ਼ੇ ਨੂੰ ਠੱਲ੍ਹ ਪਾਉਣ ਲਈ ਉੱਚ ਪੱਧਰ 'ਤੇ ਕਾਰਵਾਈ ਚੱਲ ਰਹੀ ਹੈ, ਜਿਸ ਦੇ ਤਹਿਤ ਫਿਰੋਜ਼ਪੁਰ ਦੇ ਨਜ਼ਦੀਕੀ ਪਿੰਡ ਬਜੀਦਪੁਰ 'ਚ ਪੁਲਿਸ ਪਾਰਟੀ ਵੱਲੋਂ ਵੱਡੇ ਪੱਧਰ 'ਤੇ ਨਸ਼ਾ ਤਸਕਰਾਂ ਦੇ ਵਿਰੁੱਧ ਛਾਪੇਮਾਰੀ ਕੀਤੀ ਗਈ।

ਵੱਡੀ ਗਿਣਤੀ ਵਿਚ ਪੁਲਿਸ ਫੋਰਸ ਨੇ ਪਿੰਡ ਬਾਜੀਦਪੁਰ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ। ਇਸ ਪੁਲਿਸ ਛਾਪੇਮਾਰੀ ਦੀ ਅਗਵਾਈ ਤਿੰਨ ਡੀਐੱਸਪੀ ਅਤੇ ਦੋ ਥਾਣਿਆਂ ਦੀ ਪੁਲਿਸ ਸਮੇਤ ਸੁਖਵਿੰਦਰ ਸਿੰਘ ਡੀਐੱਸਪੀ (ਡੀ) ਕਰ ਰਹੇ ਸਨ। ਇਸ ਤਲਾਸ਼ੀ ਮੁਹਿੰਮ ਦੌਰਾਨ ਲੋਕਾਂ ਦੇ ਘਰ-ਘਰ ਜਾ ਕੇ ਤਲਾਸ਼ੀ ਕੀਤੀ ਗਈ, ਜਿਸ ਤਹਿਤ ਪ੍ਰੇਮ ਕੁਮਾਰ ਦੇ ਘਰੋਂ ਦੋ ਲੱਖ 40 ਹਜ਼ਾਰ 730 ਰੁਪਏ ਦੀ ਨਕਦ ਡਰੱਗ ਮਨੀ ਬਰਾਮਦ ਕੀਤੀ ਗਈ।

ਇਸ ਤਲਾਸ਼ੀ ਅਭਿਆਨ ਦੌਰਾਨ ਚੋਰੀ ਦੇ ਚਾਰ ਮੋਟਰਸਾਈਕਲ ਅਤੇ ਇਕ ਖਿਡੌਣਾ ਪਿਸਤੌਲ ਵੀ ਬਰਾਮਦ ਕੀਤਾ ਗਿਆ। ਪਿਛਲੇ ਦਿਨਾਂ ਦੌਰਾਨ ਲੁੱਟ ਖੋਹ ਦੌਰਾਨ ਖੋਹੀ ਗਈ ਇਨੋਵਾ ਗੱਡੀ ਦੀ ਆਰਸੀ ਬੋਹੜ ਸਿੰਘ ਦੇ ਘਰੋਂ ਬਰਾਮਦ ਹੋਈ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਲਜ਼ਮਾਂ ਨੂੰ ਗਿ੍ਫ਼ਤ ਵਿਚ ਲਿਆ ਹੋਇਆ ਹੈ ਅਤੇ ਉਨ੍ਹਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਕਿ ਹੋਰ ਵੀ ਖੁਲਾਸੇ ਕੀਤੇ ਜਾ ਸਕਣ।