ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਕਰੀਬ ਇਕ ਹਫਤਾ ਪਹਿਲੋਂ ਆਈ ਹਨ੍ਹੇਰੀ ਅਤੇ ਝੱਖੜ ਕਾਰਨ ਡਿੱਗੇ ਵੱਡੇ ਬਿਜਲੀ ਟਾਵਰ ਅਜੇ ਤੱਕ ਮਹਿਕਮੇ ਤੋਂ ਖੜੇ੍ਹ ਨਹੀਂ ਹੋ ਸਕੇ। ਬੀਤੇ 6-7 ਦਿਨਾਂ ਤੋਂ ਬਿਜਲੀ ਨਾ ਆਉਣ ਤੋਂ ਦੁਖੀ ਲੋਕ ਕਦੇ ਪੰਜਾਬ ਸਰਕਾਰ ਅਤੇ ਕਦੇ ਬਿਜਲੀ ਮਹਿਕਮੇ ਨੂੰ ਮਾੜੇ ਸ਼ਬਦ ਬੋਲ ਰਹੇ ਹਨ। ਉਧਰ ਵਿਭਾਗੀ ਅਧਿਕਾਰੀਆਂ ਦੀ ਗੱਲ ਕਰੀਏ ਤਾਂ ਕੰਪਲੇਂਟ ਦੇ ਦਿਨਾਂ 'ਚ ਅਧਿਕਾਰੀ ਸਰਕਾਰੀ ਫੋਨਾਂ ਨੂੰ 'ਰਿਜੈਕਟ ਮੋਡ' 'ਤੇ ਹੀ ਲਗਾ ਰਹੇ ਹਨ। ਨਾ ਤਾਂ ਸਰਕਾਰ ਤੋਂ ਅਤੇ ਨਾ ਹੀ ਬਿਜਲੀ ਵਿਭਾਗ ਤੋਂ ਮਿਲੇ ਕਿਸੇ ਹਾਂ ਪੱਖੀ ਹੁੰਗਾਰੇ ਤੋਂ ਅੱਕੇ ਪਿੰਡ ਖਾਈ ਫੇਮੇ ਕੀ ਦੇ ਲੋਕਾਂ ਨੇ ਸੋਮਵਾਰ ਸ਼ਾਮ ਫਿਰੋਜ਼ਪੁਰ ਫਾਜ਼ਿਲਕਾ ਮਾਰਗ ਜਾਮ ਕਰਕੇ ਬਿਜਲੀ ਮਹਿਕਮੇ ਦੇ ਨਾਲ ਨਾਲ ਸੂਬਾ ਸਰਕਾਰ ਦਾ ਵੀ ਖੂਬ ਪਿੱਟ ਸਿਆਪਾ ਕੀਤਾ। ਇਸ ਮੋਕੇ ਪ੍ਰਦਰਸ਼ਨਕਾਰੀਆਂ ਵਿਚ ਮੌਜੂਦ ਸੀਨੀਅਰ ਸਿਟੀਜਨ ਪੁਸ਼ਪਿੰਦਰ ਮਨਚੰਦਾ ਨੇ ਸੂਬਾ ਸਰਕਾਰ ਨੂੰ ਕੋਸਦਿਆਂ ਆਖਿਆ ਕਿ ਜਿੰਨ੍ਹੇ ਦਿਨ ਕੈਪਟਨ ਸਰਕਾਰ ਦੇ ਬਿਜਲੀ ਵਿਭਾਗ ਨੇ ਟਾਵਰ ਠੀਕ ਕਰਨ 'ਤੇ ਲਗਾ ਦਿੱਤੇ ਹਨ,ਉਨ੍ਹੇਂ ਦਿਨਾਂ ਵਿਚ ਤਾਂ ਅਫ਼ਗਾਨਿਸਤਾਨ ਤੋਂ ਵੀ ਬਿਜਲੀ ਲਿਆਂਦੀ ਜਾ ਸਕਦੀ ਸੀ। ਖ਼ਬਰ ਲਿਖੇ ਜਾਣ ਤੱਕ ਲੋਕਾਂ ਦਾ ਧਰਨਾ ਪ੍ਰਦਰਸ਼ਨ ਅਤੇ ਐੱਫਐੱਫ ਰੋਡ 'ਤੇ ਜਾਮ ਜਾਰੀ ਸੀ। ਹੈਰਾਨੀ ਇਸ ਗੱਲ ਦੀ ਵੀ ਰਹੀ ਕਿ ਜਾਮ ਲੱਗਣ ਦੇ ਕਰੀਬ ਡੇਢ ਘੰਟਾ ਬਾਅਦ ਤਕ ਵੀ ਮੌਕੇ 'ਤੇ ਚੰਦ ਪੁਲਿਸ ਮੁਲਾਜ਼ਮ ਹੀ ਪਹੰੁਚੇ ਸਨ , ਜਦਕਿ ਨਾ ਤਾਂ ਬਿਜਲੀ ਵਿਭਾਗ ਦਾ ਕੋਈ ਅਧਿਕਾਰੀ ਪਹੁੰਚਿਆ ਅਤੇ ਨਾ ਹੀ ਜ਼ਿਲ੍ਹਾ ਸਿਵਲ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਹੀ ਮੋਕੇ 'ਤੇ ਪਹੁੰਚਿਆ। ਬਾਵਜੂਦ ਇਸ ਦੇ ਕਿ ਇਹ ਹਾਈ ਵੇ ਫਾਜ਼ਿਲਕਾ ਅਬੋਹਰ ਤੋਂ ਅੱਗੇ ਰਾਜਸਥਾਨ ਗੁਜਰਾਤ ਅਤੇ ਮਹਾਂਰਾਸ਼ਟਰ ਨੂੰ ਜਾਂਦਾ ਹੈ ਅਤੇ ਇਥੋਂ ਕਾਂਡਲਾ ਪੋਰਟ ਲਈ ਵੀ ਰੋਜਾਨਾ ਹਜ਼ਾਰਾਂ ਟਰੱਕ ਲੰਘਦੇ ਹਨ। ਖ਼ਬਰ ਲਿਖੇ ਜਾਣ ਤੱਕ ਜਾਮ ਲੱਗਾ ਹੋਇਆ ਸੀ।

-------------------------------------------------------

ਐਕਸੀਅਨ ਸੋਢੀ ਦਾ ਵੀ ਨੰਬਰ 'ਰਿਜੈਕਟ ਮੋਡ' 'ਤੇ

--ਇਸ ਸਬੰਧੀ ਜਦੋਂ ਪਾਵਰਕਾਮ ਦੇ ਸ਼ਹਿਰ ਮੰਡਲ ਐਕਸੀਅਨ ਸੋਢੀ ਨਾਲ ਸੰਪਰਕ ਕਰਨਾ ਚਾਹਿਆ ਤਾਂ ਵਿਭਾਗ ਦੇ ਸ਼ਿਕਾਇਤ ਨੰਬਰ ਤਰ੍ਹਾਂ ਐਕਸੀਅਨ ਸਤਿੰਦਰਪਾਲ ਸਿੰਘ ਸੋਢੀ ਦਾ ਨੰਬਰ ਵੀ 'ਰਿਜੈਕਟ ਮੋਡ' 'ਤੇ ਲੱਗਾ ਹੋਇਆ ਸੀ। ਇਥੇ ਹੈਰਾਨੀ ਦੀ ਗੱਲ ਇਹ ਰਹੀ ਕਿ ਜਦੋਂ ਐੱਸਡੀਓ ਸ਼ਹਿਰੀ ਕੁਲਦੀਪ ਸਿੰਘ ਦਾ ਨੰਬਰ ਮਿਲਾਇਆ ਤਾਂ ਉਹ ਵੀ 'ਰਿਜੈਕਟ ਮੋਡ' 'ਤੇ ਲੱਗਾ ਮਿਲਿਆ। ਇਥੇ ਦੱਸਣਯੋਗ ਹੈ ਕਿ ਲੋਕਾਂ ਦੀ ਸ਼ਿਕਾਇਤ ਮਿਲਣ 'ਤੇ ਜਦੋਂ ਐਤਵਾਰ ਰਾਤ 12 ਵਜੇ ਤੋਂ ਲੈ ਕੇ ਸਵੇਰੇ 4 ਵਜੇ ਦੇ ਵਿਚਕਾਰ 'ਪੰਜਾਬੀ ਜਾਗਰਣ' ਪ੍ਰਤੀਨਿਧੀ ਵੱਲੋਂ 'ਪੰਜਾਬ ਰਾਜ ਪਾਵਰਕਾਮ ਲਿਮਡਿ' ਦੇ ਸ਼ਿਕਾਇਤ ਨੰਬਰ 'ਤੇ ਕਾਲ ਕਰਨ ਦੀ ਕੋਸ਼ਿਸ਼ ਕੀਤੀ ਤਾਂ 76 ਵਾਰ ਦੇ ਕਰੀਬ ਮਿਲਾਉਣ 'ਤੇ ਵੀ ਨੰਬਰ ਵਿਅਸਤ ਹੀ ਮਿਲਦਾ ਰਿਹਾ।

------------------------------------------------------------

ਫਿਰੋਜ਼ਪੁਰ -ਸ੍ਰੀ ਮੁਕੱਤਸਰ ਸਾਹਿਬ ਮਾਰਗ ਦੇ ਪਿੰਡਾਂ ਵਾਲੇ ਵੀ ਅੌਖੇ

-ਬੀਤੀ 31 ਮਈ ਨੂੰ ਆਈ ਤੇਜ਼ ਹਨੇਰੀ ਕਾਰਨ ਫਿਰੋਜ਼ਪੁਰ ਦੇ ਵੱਖ ਵੱਖ ਇਲਾਕਿਆਂ ਦੇ ਪਿੰਡਾਂ ਵਿਚ ਪੂਰੇ ਹਫ਼ਤੇ ਤੋਂ ਹਨ੍ਹੇਰਾ ਛਾਇਆ ਪਿਆ ਹੈ। ਇਸੇ ਤਰ੍ਹਾਂ ਹਲਕਾ ਦਿਹਤੀ ਫਿਰੋਜਪੁਰ ਅਧੀਨ ਆਉਦੇ ਸਬ: ਡਵੀਜਨ ਝੋਕ ਹਰੀ ਹਰ ਨੂੰ ਦੇਣ ਵਾਲੀ 66 ਕੇਵੀ.ਬਿਜਲੀ ਸਪਲਾਈ ਦੇ ਟਾਵਰ ਡਿੱਗ ਜਾਣ ਕਰਕੇ ਸਬ: ਡਵੀਜਨ ਝੋਕ ਹਰੀ ਹਰ ਤੋ 25 ਪਿੰਡਾਂ ਨੂੰ ਜਾਣ ਵਾਲੀ ਬਿਜਲੀ ਸਪਲਾਈ ਪੂਰੀ ਤਰ੍ਹਾ ਠੱਪ ਹੋਈ ਪਈ ਹੈ। ਪੋ੍: ਮਹਿਲ ਸਿੰਘ ਨਸੀਰਾ ਖਲਚੀਆਂ ਨੇ ਦੱਸਿਆ ਕਿ ਜਿਥੇ ਕੋਰੋਨਾ ਮਾਹਾਮਾਰੀ ਦੋਰਾਨ ਜਿਥੇ ਛੋਟੋ ਕਾਰੋਬਾਰ 'ਤੇ ਮਾੜਾ ਪ੍ਰਭਾਵ ਪਿਆ ਉਥੇ ਬਿਜਲੀ ਸਪਲਾਈ ਨਾ ਹੋਣ ਕਰਕੇ ਲੋਕਾਂ ਨੂੰ ਮਹਿੰਗਾ ਭਆ ਦਾ ਡੀਜਲ ਬਾਲਣ ਨਾਲ ਕਿਸਾਨਾ ਦਾ ਬਜਟ ਵਿਗੜ ਗਿਆ ਹੈ। ਮਲਕੀਤ ਸਿੰਘ ਸਰਪੰਚ ਝੋਕ ਹਰੀ ਹਰ, ਗੁਰਮੀਤ ਸਿੰਘ ਉਪਲ ਝੋਕ ਹਰੀ ਹਰ, ਨਿਰਮਲ ਸਿੰਘ ਝੋਕ ਹਰੀ ਹਰ,ਲਖਵਿੰਦਰ ਸਿੰਘ ਨੰਬਰਦਾਰ ਨਸੀਰਾ ਖਿਲਚੀ, ਵਿਰਸਾ ਸਿੰਘ ਚੂਹੜ ਖਿਲਚੀ, ਬੂਟਾ ਸਿੰਘ ਧੀਰਾ ਪੱਤਰਾ,ਜੀਤ ਸਿੰਘ ਨੰਬਰਦਾਰ, ਲਖਵਿੰਦਰ ਸਿੰਘ ਨੰਬਰਦਾਰ ਮਹਿਮਾਂ, ਗੁਰਮੀਤ ਸਿੰਘ ਨੰਬਰਦਾਰ ਮਹਿਮਾ, ਅਮਰ ਸਿੰਘ ਸਰਪੰਚ ਮਹਿਮਾ, ਜਸਵੰਤ ਸਿੰਘ ਭਾਵੜਾ ਆਜਮਸਾਹ, ਗੁਰਮੀਤ ਸਿੰਘ ਸਰਪੰਚ ਨਿਊ ਗਾਮੇ ਵਾਲਾ ਇਲਾਕੇ ਦੀਆਂ ਪੰਚਾਇਤਾਂ, ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ, ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਹਲਕਾ ਫਿਰੋਜਪੁਰ ਦਿਹਾਤੀ ਅੰਦਰ ਪਿੰਡ ਝੋਕ ਹਰੀ ਹਰ ਵਿਖੇ ਬਣੇ 66 ਕੇਵੀ. ਸਬ: ਡਵੀਜਨ ਬਿਜਲੀ ਘਰ ਨੂੰ 220 ਕੇਵੀ ਕੀਤਾ ਜਾਵੇ।