ਸਚਿਨ ਮਿੱਡਾ, ਜਲਾਲਾਬਾਦ : ਰਾਜਸਥਾਨ ਤੋਂ ਬਾਅਦ ਹੁਣ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਅੰਦਰ ਟਿੱਡੀ ਦਲ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਇਹ ਟਿੱਡੀ ਦਲ ਅਜੇ ਝੁੰਡ 'ਚ ਨਹੀਂ ਹੈ ਪਰ ਟਿੱਡੀ ਦਲ ਦੇ ਇਸ ਹਮਲੇ ਕਾਰਨ ਕਿਸਾਨਾਂ ਦੇ ਸਾਹ ਸੁੱਕੇ ਹੋਏ ਹਨ। ਜਾਣਕਾਰੀ ਅਨੁਸਾਰ ਜਲਾਲਾਬਾਦ ਦੇ ਪਿੰਡ ਹਜਾਰਾ ਰਾਮ ਸਿੰਘ ਵਾਲਾ, ਟਾਹਲੀਵਾਲਾ, ਬੱਘੇ ਕੇ ਮੋੜ, ਟਰਿਆ, ਸਿੰਘੇ ਵਾਲਾ, ਮੁਹੰਮਦੇਵਾਲਾ, ਫੱਤੂਵਾਲਾ, ਚੱਕ ਖੀਵਾ, ਡਿੱਬੀਪੁਰਾ, ਸਤੋਖ ਸਿੰਘ ਵਾਲਾ, ਆਲਮਕੇ ਆਦਿ ਪਿੰਡਾਂ 'ਚ ਟਿੱਡੀ ਦਲ ਨੂੰ ਦੇਖਿਆ ਗਿਆ ਹੈ ਅਤੇ ਕਿਸਾਨ ਧੂੰਆ, ਥਾਲੀ ਅਤੇ ਡੀਜੇ ਵਜਾ ਕੇ ਦੇਸੀ ਤਰੀਕਿਆਂ ਨਾਲ ਟਿੱਡੀਆਂ ਨੂੰ ਉਡਾਉਣ ਦਾ ਯਤਨ ਕਰ ਰਹੇ ਹਨ ਅਤੇ ਕਈ ਜਾਗਰੂਕ ਕਿਸਾਨ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਕੇ ਸਪਰੇਅ ਕਰਕੇ ਟਿੱਡੀਆਂ ਨੂੰ ਮਾਰਨ ਦਾ ਯਤਨ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਉਨ੍ਹਾਂ ਨੂੰ ਖੇਤਾਂ 'ਚ ਟਿੱਡੀ ਦਲ ਬਾਰੇ ਪਤਾ ਲੱਗਿਆ ਤਾਂ ਉਹ ਖੇਤਾਂ 'ਚ ਪਹੁੰਚੇ ਅਤੇ ਉਨ੍ਹਾਂ ਨੇ ਜੋ ਤਰੀਕੇ ਸੁਣੇ ਸਨ ਉਨ੍ਹਾਂ ਤਰੀਕਿਆਂ ਰਾਹੀਂ ਟਿੱਡੀਆਂ ਨੂੰ ਉਢਾਉਣਾ ਸ਼ੁਰੂ ਕਰ ਦਿੱਤਾ। ਕਿਸਾਨਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਟਿੱਡੀ ਦਲ ਬਾਰੇ ਸੁਣਿਆ ਜਾ ਰਿਹਾ ਸੀ ਅਤੇ ਉਨ੍ਹਾਂ ਨੂੰ ਡਰ ਸਤਾ ਰਿਹਾ ਸੀ ਕਿ ਕਿਧਰੇ ਉਨ੍ਹਾਂ ਦੇ ਖੇਤਰ 'ਚ ਟਿੱਡੀ ਦਲ ਹਮਲਾ ਨਾ ਕਰ ਦੇਵੇ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਨੂੰ ਜਲਦੀ ਉਪਰਾਲਾ ਕਰਨਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਦਾ ਨੁਕਸਾਨ ਬਚ ਸਕੇ। ਇਸ ਸਬੰਧੀ ਖੇਤੀਬਾੜੀ ਅਧਿਕਾਰੀ ਹਰਪ੍ਰਰੀਤ ਕੌਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਲਕੇ ਦੇ 'ਚ ਟਿੱਡੀ ਦਲ ਦੇ ਆਉਣ ਦੀ ਸੂਚਨਾ ਵਿਭਾਗ ਕੋਲ ਹੈ। ਉਨ੍ਹਾਂ ਦੱਸਿਆ ਕਿ ਛੋਟੀ ਗਿਣਤੀ 'ਚ ਟਿੱਡੀ ਦਲ ਖੇਤਾਂ 'ਚ ਆਇਆ ਹੈ ਅਤੇ ਉਹ ਕਿਸਾਨਾਂ ਨੂੰ ਅਪੀਲ ਕਰਦੇ ਹਨ ਕਿ ਜਿਆਦਾ ਘਬਰਾਉਣ ਦੀ ਲੋੜ ਨਹੀਂ ਹੈ, ਕਿਸਾਨ ਤੇਜ ਆਵਾਜ ਕਰਕੇ ਜਾਂ ਥਾਲੀ ਆਦਿ ਖੜਕਾ ਕੇ ਟਿੱਡੀਆਂ ਨੂੰ ਭਜਾ ਸਕਦੇ ਹਨ ਅਤੇ ਇੰਨੀ ਸੰਖਿਆ 'ਚ ਟਿੱਡੀ ਦਲ ਨੁਕਸਾਨ ਨਹੀਂ ਕਰ ਸਕਦਾ।