ਪੱਤਰ ਪ੍ਰਰੇਰਕ, ਜਲਾਲਾਬਾਦ : ਇਕ ਪਾਸੇ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੇ ਕਾਰਨ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ ਦੂਜੇ ਪਾਸੇ ਇਸ ਦੇ ਕਾਰਨ ਸੜਕ ਦੇ ਕਿਨਾਰੇ ਸਮਾਜ ਸੇਵੀਆਂ ਵੱਲੋਂ ਲਾਏ ਰੁੱਖ ਵੀ ਨਸ਼ਟ ਹੋ ਰਹੇ ਹਨ। ਜਿਸਦੀ ਮਿਸਾਲ ਪਿੰਡ ਚੱਕ ਕਾਠਗੜ੍ਹ ਉਰਫ ਦਰੋਗਾ ਤੋਂ ਲਾਈ ਜਾ ਸਕਦੀ ਹੈ। ਜਿੱਥੇ ਪੰਚਾਇਤ ਵੱਲੋਂ 550 ਸਾਲਾ ਗੁਰਪੁਰਬ ਨੂੰ ਸਮਰਪਿਤ ਹਰਿਆਲੀ ਲਿਆਉਣ ਲਈ ਸਰਕਾਰ ਵੱਲੋਂ ਭੇਜੇ ਗਏ ਬੂਟੇ ਅੱਗ ਦੀ ਭੇਟ ਚੜ੍ਹ ਗਏ। ਬੂਟਿਆਂ ਦੀ ਇਹ ਹਾਲਤ ਦੇਖ ਪਿੰਡ ਦੀ ਪੰਚਾਇਤ ਨੇ ਕਿਸਾਨਾਂ ਦੀ ਲਾਪਰਵਾਹੀ 'ਤੇ ਚਿੰਤਾ ਪ੍ਰਗਟ ਕੀਤੀ ਹੈ। ਉਧਰ ਪਿੰਡ ਦੀ ਮਹਿਲਾ ਸਰਪੰਚ ਜਸਵਿੰਦਰ ਕੌਰ ਦੇ ਪਤੀ ਬਿੱਟੂ ਦਰੋਗਾ, ਸੁਰਿੰਦਰ ਕੁਮਾਰ, ਸੋਹਨ ਲਾਲ, ਹੈਰੀ ਕੰਬੋਜ, ਗੁਰਚਰਨ ਸਿੰਘ, ਰਮੇਸ਼ ਕੁਮਾਰ ਪੰਚ, ਬਲਦੇਵ ਥਿੰਦ, ਅਜੇ ਕੁਮਾਰ ਦਾ ਕਹਿਣਾ ਹੈ ਕਿ ਪਿੰਡ ਲਈ ਮੰਦਭਾਗਾ ਹੈ ਕਿ ਪੰਚਾਇਤ ਅਤੇ ਨੌਜਵਾਨਾਂ ਦੇ ਯਤਨਾਂ ਨਾਲ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਲਾਏ ਗਏ ਬੂਟੇ ਅੱਗ ਦੇ ਹਵਾਲੇ ਹੋਣ ਕਾਰਨ ਸੜ ਕੇ ਸੁਆਹ ਹੋ ਗਏ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਇਕ ਪਾਸੇ ਜਿੱਥੇ ਲੱਖਾਂ ਰੁਪਏ ਬੂਟੇ ਲਾਉਣ ਲਈ ਖਰਚ ਕੀਤੇ ਹਨ ਉਥੇ ਹੀ ਕਿਸਾਨ ਆਪਣੇ ਨਿੱਜੀ ਸਵਾਰਥ ਲਈ ਝੋਨੇ ਦੀ ਪਰਾਲੀ ਨੂੰ ਸਾੜਣ ਤੋਂ ਗੁਰੇਜ ਨਹੀਂ ਕਰ ਰਹੇ ਅਤੇ ਨਤੀਜਾ ਇਹ ਹੈ ਕਿ ਉਨ੍ਹਾਂ ਦੇ ਪਿੰਡ ਦੇ ਹਿਸਾਨ ਵਾਲਾ ਰੋਡ 'ਤੇ ਲੱਗੇ ਬੂਟੇ ਅੱਗ ਦੀ ਭੇਂਟ ਚੜ੍ਹ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਵਾਤਾਵਰਨ ਪ੍ਰਤੀ ਗੰਭੀਰਤਾ ਨਾਲ ਸੋਚਣਾ ਪਵੇਗਾ ਨਹੀਂ ਤਾਂ ਭਵਿੱਖ 'ਚ ਨਤੀਜੇ ਗੰਭੀਰ ਹੋਣਗੇ। ਇਸ ਸਬੰਧੀ ਜਦੋਂ ਐੱਸਡੀਐੱਮ ਕੇਸ਼ਵ ਗੋਇਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਬੀਡੀਈਓ ਨਾਲ ਗੱਲਬਾਤ ਕਰਨਗੇ ਅਤੇ ਜਾਂਚ ਕਰਵਾਈ ਜਾਵੇਗੀ ਕਿ ਆਖਿਰਕਾਰ ਕਿਉਂ ਕਿਸਾਨ ਇਸ ਤਰ੍ਹਾਂ ਲਾਪਰਵਾਹੀ ਵਰਤ ਰਹੇ ਹਨ।