ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਡੀਸੀ ਚੰਦਰ ਗੈਂਦ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਬੇਸਮੈਂਟ ਤੇ ਛੱਤਾਂ ਸਮੇਤ ਵੱਖ-ਵੱਖ ਥਾਵਾਂ ਦਾ ਜਾਇਜ਼ਾ ਲਿਆ ਗਿਆ ਤੇ ਉਥੇ ਖੜ੍ਹੇ ਪਾਣੀ ਦਾ ਤੁਰੰਤ ਹੱਲ ਕਰਨ ਲਈ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗਾਂ ਦੇ ਐਕਸੀਅਨਾਂ ਨੂੰ ਸਖਤ ਹਦਾਇਤ ਕੀਤੀ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਬੀਐਂਡਆਰ ਤੇ ਵਾਟਰ ਸਪਲਾਈ ਵਿਭਾਗ ਨੂੰ ਕਿਹਾ ਕਿ ਬੇਸਮੈਂਟ 'ਤੇ ਹੋ ਰਹੀ ਪਾਣੀ ਦੀ ਲੀਕੇਜ ਨੂੰ ਤੁਰੰਤ ਰੋਕਿਆ ਜਾਵੇ ਤੇ ਖੜ੍ਹੇ ਹੋਏ ਪਾਣੀ ਦੀ ਵੀ ਤੁਰੰਤ ਨਿਕਾਸੀ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਆਲੇ-ਦੁਆਲੇ ਜਾਂ ਛੱਤਾਂ 'ਤੇ ਖੜ੍ਹੇ ਪਾਣੀ ਦੀ ਵੀ ਜਲਦੀ ਤੋਂ ਜਲਦੀ ਨਿਕਾਸੀ ਕਰਵਾਈ ਜਾਵੇ। ਡਿਪਟੀ ਕਮਿਸ਼ਨਰ ਨੇ ਆਖਿਆ ਕਿ ਇਸ ਖੜ੍ਹੇ ਹੋਏ ਪਾਣੀ ਕਾਰਨ ਡੇਂਗੂ ਅਤੇ ਮਲੇਰੀਆ ਵਰਗੀਆਂ ਕਈ ਤਰਾਂ ਦੀਆਂ ਬੀਮਾਰੀਆਂ ਫੈਲ ਸਕਦੀਆਂ ਹਨ । ਇਸ ਲਈ ਖੜ੍ਹੇ ਹੋਏ ਪਾਣੀ ਦੀ ਨਿਕਾਸੀ ਬਹੁਤ ਜ਼ਰੂਰੀ ਹੈ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਕਿਹਾ ਕਿ ਇਸ ਕੰਮ ਲਈ ਜੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੇ ਫ਼ੰਡ ਦੀ ਜ਼ਰੂਰਤ ਹੈ ਤਾਂ ਉਨ੍ਹਾਂ ਦੇ ਧਿਆਨ ਵਿਚ ਲਿਆਉਣ ਤਾਂ ਜੋ ਇਹ ਫ਼ੰਡ ਸਰਕਾਰ ਵੱਲੋਂ ਮੰਗਵਾਏ ਜਾ ਸਕਣ। ਇਸ ਤੋਂ ਇਲਾਵਾ ਉਨ੍ਹਾਂ ਸਮੂਹ ਦਫਤਰਾਂ ਨੂੰ ਆਪਣੇ-ਆਪਣੇ ਦਫ਼ਤਰ ਅਤੇ ਆਲ਼ੇ ਦੁਆਲੇ ਦੀ ਸਾਫ਼ ਸਫ਼ਾਈ ਦਾ ਵੀ ਵਿਸ਼ੇਸ਼ ਧਿਆਨ ਰੱਖਣ ਲਈ ਕਿਹਾ। ਇਸ ਮੌਕੇ ਸਹਾਇਕ ਕਮਿਸ਼ਨਰ ਰਣਜੀਤ ਸਿੰਘ ਅਤੇ ਨਾਜ਼ਰ ਸੁਖਵੰਤ ਸਿੰਘ ਆਦਿ ਹਾਜ਼ਰ ਸਨ।