ਸਤਪਾਲ ਥਿੰਦ, ਗੁਰੂ ਹਰਸਹਾਏ : ਪੰਜਾਬ ਸਰਕਾਰ ਜਿੱਥੇ ਸਕੂਲਾਂ ਨੂੰ ਮੋਡੀਫਾਈ ਕਰ ਕੇ ਸਮਾਰਟ ਸਕੂਲ ਬਣਾਉਣ ਦੇ ਦਾਅਵੇ ਕਰ ਰਹੀ ਹੈ ਉੱਥੇ ਹੀ ਸਕੂਲਾਂ ਅੰਦਰ ਬਣੀਆਂ ਬਿਲਡਿੰਗਾਂ 'ਚ ਗੋਡੇ ਗੋਡੇ ਭਰਿਆ ਪਾਣੀ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਿਹਾ ਹੈ। ਜਿਸ ਦੀ ਉਦਾਹਰਣ ਪਿੰਡ ਗੋਲੂ ਕਾ ਮੋੜ (ਵਾਸਲ ਮੋਹਣ ਕੇ) ਵਿਖੇ ਬਣਿਆ ਪ੍ਰਾਇਮਰੀ ਸਕੂਲ ਹੈ। ਜਿਸ ਵਿਚ ਇਸ ਬਾਰਸ਼ ਨੇ ਸਰਕਾਰ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਰਾਤ ਪਈ ਬਾਰਸ਼ ਤੋਂ ਬਾਅਦ ਜਦ ਸਵੇਰੇ ਸਕੂਲ ਦੇ ਅਧਿਆਪਕ ਸਕੂਲ ਆਏ ਤਾਂ ਉਨ੍ਹਾਂ ਦੇਖਿਆ ਕਿ ਕਮਰਿਆਂ ਅੰਦਰ ਪਾਣੀ ਬਹੁਤ ਜ਼ਿਆਦਾ ਮਾਤਰਾ ਵਿਚ ਖੜ੍ਹਾ ਹੈ ਅਤੇ ਕਈ ਕਮਰਿਆਂ ਦੀਆਂ ਛੱਤਾਂ ਤੋਂ ਪਾਣੀ ਥੱਲੇ ਸਿਮ ਵੀ ਰਿਹਾ ਹੈ। ਅਧਿਆਪਕਾਂ ਨੇ ਦੱਸਿਆ ਕਿ ਸਕੂਲ ਦੀ ਬਿਲਡਿੰਗ ਨੀਵੀਂ ਹੋਣ ਕਾਰਨ ਬਾਹਰਲੀ ਸੜਕ ਦਾ ਪਾਣੀ ਵੀ ਸਕੂਲ ਅੰਦਰ ਦਾਖ਼ਲ ਹੋ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਕੂਲ ਦੇ ਚੌਕੀਦਾਰ ਰਾਹੁਲ ਨੇ ਸਕੂਲ ਅੰਦਰ ਬਣੀ ਡਿੱਗੀ ਕੰਧ ਦਿਖਾਉਂਦਿਆਂ ਦੱਸਿਆ ਕਿ ਇਹ ਕੰਧ ਪਹਿਲਾਂ ਵੀ ਕਈ ਵਾਰ ਪਾਣੀ ਦੇ ਤੇਜ਼ ਵਹਾਅ ਕਾਰਨ ਡਿੱਗ ਚੁੱਕੀ ਹੈ ਅਤੇ ਅੱਜ ਫਿਰ ਦੁਬਾਰਾ ਪਈ ਬਾਰਸ਼ ਕਾਰਨ ਇਹ ਕੰਧ ਡਿੱਗੀ ਹੈ। ਉਨ੍ਹਾਂ ਕਿਹਾ ਕਿ ਕਮਰਿਆਂ ਦੀਆਂ ਜਿਥੇ ਛੱਤਾਂ ਚੋਅ ਰਹੀਆਂ ਹਨ ਉਥੇ ਹੀ ਕਮਰਿਆਂ ਅੰਦਰ ਖੜੇ ਪਾਣੀ ਕਾਰਨ ਸਾਨੂੰ ਕਾਫ਼ੀ ਮਿਹਨਤ ਕਰਕੇ ਪਾਣੀ ਬਾਹਰ ਕੱਢਣਾ ਪਿਆ। ਜਦਕਿ ਹੁਣ ਕੋਰੋਨਾ ਦੌਰਾਨ ਸਕੂਲ ਬੰਦ ਹਨ ਪਰ ਜੇ ਸਕੂਲਾਂ 'ਚ ਬੱਚੇ ਹੁੰਦੇ ਤਾਂ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਣਾ ਸੀ। ਲੋੜ ਹੈ ਕੈਪਟਨ ਸਰਕਾਰ ਨੂੰ ਸਕੂਲਾਂ ਵੱਲ ਅਤੇ ਸਿੱਖਿਆ ਵਿਭਾਗ ਨੂੰ ਆਦੇਸ਼ ਦੇ ਕੇ ਪੁਰਾਣੀਆਂ ਬਿਲਡਿੰਗਾਂ ਦੀ ਜਗ੍ਹਾ ਤੇ ਨਵੀਂਆਂ ਇਮਾਰਤਾਂ ਤਿਆਰ ਕਰਨ ਦੀ ਤਾਂਕਿ ਬੱਚਿਆਂ ਦਾ ਕੋਈ ਜਾਨੀ ਨੁਕਸਾਨ ਨਾ ਹੋਵੇ

Posted By: Ramandeep Kaur