v> ਸਟਾਫ ਰਿਪੋਰਟਰ, ਫਿਰੋਜ਼ਪੁਰ : ਫਿਰੋਜ਼ਪੁਰ ਦੇ ਤਹਿਸੀਲ ਜ਼ੀਰਾ ਦੇ ਅਧੀਨ ਆਉਂਦੇ ਪਿੰਡ ਲਹਿਰਾ ਰੋਹੀ ਵਿਖੇ ਹੋਏ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਤੇ ਇਕ ਦੇ ਜ਼ਖਮੀ ਹੋਣ ਦੀ ਖ਼ਬਰ ਮਿਲੀ ਹੈ। ਇਸ ਸਬੰਧ 'ਚ ਥਾਣਾ ਜ਼ੀਰਾ ਦੀ ਪੁਲਿਸ ਨੇ ਇਕ ਕਾਰ ਚਾਲਕ ਖਿਲਾਫ 304-ਏ, 279, 337, 338, 427 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ 'ਚ ਲਖਵੀਰ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਪਿੰਡ ਲੋਂਗੋਦੇਵਾ ਨੇ ਦੱਸਿਆ ਕਿ ਬੀਤੇ ਦਿਨ ਉਸ ਦਾ ਭਤੀਜਾ ਅਮਨਦੀਪ ਸਿੰਘ ਉਰਫ ਝਿਰਮਲ ਸਿੰਘ (32 ਸਾਲ) ਪੁੱਤਰ ਜਰਨੈਲ ਸਿੰਘ ਆਪਣੇ ਦੋਸਤ ਹਰਜਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀਅਨ ਲੋਂਗੋਦੇਵਾ ਨਾਲ ਮੋਟਰਸਾਈਕਲ ਬਜਾਜ ਸੀਟੀ 100 ਨੰਬਰ 'ਤੇ ਸਵਾਰ ਹੋ ਕੇ ਜ਼ੀਰਾ ਤੋਂ ਆਪਣੇ ਪਿੰਡ ਜਾ ਰਹੇ ਸੀ, ਜਦ ਉਹ ਲਹਿਰਾ ਰੋਹੀ ਕੋਲ ਪਹੁੰਚੇ ਤਾਂ ਦੋਸ਼ੀ ਗੌਰਵ ਅਰੋੜਾ ਪੁੱਤਰ ਲਛਮੀ ਚੰਦ ਵਾਸੀ ਸੈਂਟਰਲ ਟਾਊਨ ਜਲੰਧਰ ਡਰਾਈਵਰ ਕਾਰਡ ਹੋਂਡਾ ਨੇ ਆਪਣੀ ਕਾਰ ਤੇਜ਼ ਰਫਤਾਰ ਤੇ ਲਾਪ੍ਰਵਾਹੀ ਨਾਲ ਅਮਨਦੀਪ ਸਿੰਘ ਹੋਰਾਂ ਦੇ ਮੋਟਰਸਾਈਕਲ 'ਚ ਮਾਰੀ ਤੇ ਕਾਰ ਮੌਕੇ ਤੋਂ ਭਜਾ ਕੇ ਲੈ ਗਿਆ। ਇਸ ਹਾਦਸੇ 'ਚ ਅਮਨਦੀਪ ਸਿੰਘ ਤੇ ਹਰਜਿੰਦਰ ਸਿੰਘ ਹੇਠਾਂ ਡਿੱਗ ਪਏ ਤੇ ਮੋਟਰਸਾਈਕਲ ਟੁੱਟ ਭੱਜ ਗਿਆ। ਲਖਵੀਰ ਸਿੰਘ ਨੇ ਦੱਸਿਆ ਕਿ ਉਸ ਨੇ ਅਮਨਦੀਪ ਸਿੰਘ ਤੇ ਹਰਜਿੰਦਰ ਸਿੰਘ ਨੂੰ ਸਿਵਲ ਹਸਪਤਾਲ ਜ਼ੀਰਾ ਵਿਖੇ ਦਾਖਲ ਕਰਵਾਇਆ ਜਿਥੇ ਅਮਨਦੀਪ ਸਿੰਘ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਤੇ ਹਰਜਿੰਦਰ ਸਿੰਘ ਦੇ ਸੱਟਾਂ ਜ਼ਿਆਦਾ ਹੋਣ ਕਰਕੇ ਮੋਗਾ ਰੈਫਰ ਕਰ ਦਿੱਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਜਗਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਉਕਤ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Posted By: Sarabjeet Kaur