ਜਗਸੀਰ ਛੱਤਿਆਣਾ, ਗਿੱਦੜਬਾਹਾ

ਮਲੋਟ-ਬਠਿੰਡਾ ਰਾਸ਼ਟਰੀ ਮਾਰਗ 'ਤੇ ਗਿੱਦੜਬਾਹਾ ਵਿਖੇ ਬੀਤੀ ਰਾਤ ਪੱਪੂ ਦੇ ਢਾਬੇ ਕੋਲ ਕਰੀਬ 12 ਵਜੇ ਹੋਏ ਐਕਸੀਡੈਂਟ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਇਕ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਜਸਪਾਲ ਸਿੰਘ (36) ਵਾਸੀ ਰਾਜਪੁਰਾ ਜੋ ਅਬੋਹਰ ਤੋਂ ਕੈਂਟਰ ਨੰਬਰ ਪੀਬੀ 10 ਸੀਯੂੂ 1317 ਰਾਹੀਂ ਵਾਪਸ ਰਾਜਪੁਰਾ ਜਾ ਰਿਹਾ ਸੀ, ਜਦ ਇਹ ਮਲੋਟ ਰੋਡ 'ਤੇ ਪੱਪੂ ਦੇ ਢਾਬੇ ਕੋਲ ਪਹੁੰਚਿਆ ਤਾਂ ਇਕ ਦਮ ਟਰੈਕਟਰ ਟਰਾਲੀ ਦੇ ਅੱਗੇ ਆ ਜਾਣ ਕਰਕੇ ਕੈਂਟਰ ਟਰਾਲੀ ਦੇ ਪਿੱਛਲੇ ਪਾਸੇ ਜਾ ਵੱਜਿਆ, ਇਸੇ ਦੌਰਾਨ ਹੀ ਟੱਕਰ ਤੋਂ ਬਚਾਉਂਦਿਆਂ ਕੈਂਟਰ ਦੇ ਪਿੱਛਲੇ ਟਾਇਰ ਹੇਠ ਇਕ ਹੋਰ ਅਣਪਛਾਤਾ ਅਪਾਹਜ ਵਿਅਕਤੀ ਆ ਗਿਆ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਟੱਕਰ ਕਾਰਨ ਕੈਂਟਰ ਚਾਲਕ ਜਸਪਾਲ ਸਿੰਘ ਦੀ ਲੱਤ ਟੁੱਟ ਗਈ। ਲੋਕਾਂ ਦੇ ਦੱਸਣ ਅਨੁਸਾਰ ਮੌਕੇ ਤੋਂ ਲੰਘ ਰਹੇ ਇਕ ਤਹਿਸੀਲਦਾਰ ਨੇ ਜ਼ਖ਼ਮੀ ਨੂੰ ਕੈਂਟਰ 'ਚੋਂ ਕੱਢ ਕੇ ਆਪਣੀ ਗੱਡੀ ਰਾਹੀਂ ਸਿਵਲ ਹਸਪਤਾਲ ਗਿੱਦੜਬਾਹਾ ਪਹੁੰਚਾਇਆ ਤੇ ਮੌਕੇ 'ਤੇ ਪਹੁੰਚੀ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਵਿਵੇਕ ਆਸ਼ਰਮ ਗਿੱਦੜਬਾਹਾ ਦੀ ਐਂਬੂਲੈਂਸ ਦੇ ਚਾਲਕ ਸ਼ਮਿੰਦਰ ਸਿੰਘ ਮੰਗਾ ਨੇ ਅਣਪਛਾਤੇ ਮਿ੍ਤਕ ਵਿਅਕਤੀ ਨੂੰ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਪਹੁੰਚਾਇਆ। ਸਿਵਲ ਹਸਪਤਾਲ ਗਿੱਦੜਬਾਹਾ ਦੇ ਐਮਰਜੈਂਸੀ ਡਿਊਟੀ ਡਾਕਟਰ ਜਸ਼ਨਦੀਪ ਸਿੰਘ ਨੇ ਜਖਮੀਂ ਨੂੰ ਮੁੱਢਲੀ ਸਹਾਇਤਾ ਉਪਰੰਤ ਬਠਿੰਡਾ ਵਿਖੇ ਰੈਫ਼ਰ ਕਰ ਦਿੱਤਾ ਤੇ ਮਿ੍ਤਕ ਨੂੰ 72 ਘੰਟੇ ਲਈ ਪਹਿਚਾਣ ਵਾਸਤੇ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ। ਹਾਦਸੇ ਦਾ ਕਾਰਨ ਬਣੇ ਟਰੈਕਟਰ ਟਰਾਲੀ ਦਾ ਚਾਲਕ ਟ੍ਰੈਕਟਰ ਟਰਾਲੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ।