ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ

ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਬੀਤੇ ਦਿਨੀਂ ਫਿਰੋਜ਼ਪੁਰ ਆਮਦ 'ਤੇ ਸੱਤ ਸੌ ਦੇ ਕਰੀਬ ਪ੍ਰਰਾਈਵੇਟ ਅਤੇ ਸਰਕਾਰੀ ਅਧਿਆਪਕਾਂ ਨੂੰ 'ਸਿਆਸੀ ਗੈਦਰਿੰਗ' ਵਿਚ ਭੇਜਣ ਦਾ ਫੁਰਮਾਨ ਜਾਰੀ ਕਰਨ ਵਾਲੇ ਡੀਈਓ ਸੈਕੰਡਰੀ ਨੇਕ ਸਿੰਘ ਨੂੰ ਵਿਭਾਗ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਹੈ। ਹਾਲਾਂਕਿ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਵੱਲੋਂ ਜਾਰੀ ਪੱਤਰ ਵਿਚ ਕੁਝ ਕਾਰਨ ਤਾਂ ਨਹੀਂ ਦੱਸਿਆ ਗਿਆ ਹੈ ਪਰ ਖੁੰਡ ਚਰਚਾ ਹੈ ਕਿ ਬੀਤੇ ਦਿਨੀਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇਕ ਸਿੰਘ ਦੇ ਆਲੇ-ਦੁਆਲੇ ਵਾਪਰੀਆਂ ਘਟਨਾਵਾਂ ਕਾਰਨ ਹੀ ਉਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਸਿੱਖਿਆ ਅਫ਼ਸਰ ਨੇਕ ਸਿੰਘ ਨੂੰ ਤਤਕਾਲ ਸਮੇਂ ਤੋਂ ਮੁਅੱਤਲ ਕਰਦੇ ਹੋਏ ਉਨ੍ਹਾਂ ਦਾ ਹੈੱਡ ਕੁਆਰਟਰ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿ.) ਵਿਖੇ ਨਿਸ਼ਚਿਤ ਕੀਤਾ ਗਿਆ ਹੈ।

ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਵੱਲੋਂ ਇਕ ਪੱਤਰ ਜਾਰੀ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੇਕ ਸਿੰਘ ਨੂੰ ਮੁਅੱਤਲੀ ਦੌਰਾਨ ਨਿਯਮਾਂ ਅਨੁਸਾਰ ਗੁਜਾਰਾ ਭੱਤਾ ਦਿੱਤੇ ਜਾਣ ਦੀ ਗੱਲ ਵੀ ਆਖ਼ੀ ਹੈ। ਇਸ ਪੱਤਰ ਵਿਚ ਦੱਸਿਆ ਗਿਆ ਹੈ ਕਿ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ.) ਫਿਰੋਜ਼ਪੁਰ ਦਾ ਵਾਧੂ ਚਾਰਜ ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿ.) ਫਿਰੋਜ਼ਪੁਰ ਨੂੰ ਦਿੱਤਾ ਜਾਂਦਾ ਹੈ। ਸਿੱਖਿਆ ਸਕੱਤਰ ਪੰਜਾਬ ਕਿ੍ਸ਼ਨ ਕੁਮਾਰ ਵੱਲੋਂ ਜਾਰੀ ਕੀਤੇ ਗਏ ਪੱਤਰ ਵਿਚ ਕੋਈ ਵੀ ਕਾਰਨ ਨਹੀਂ ਦੱਸਿਆ ਗਿਆ ਹੈ, ਜਿਸ ਕਾਰਨ ਮਾਮਲੇ ਵਿਚ 'ਸਿਆਸੀ ਟਵਿਸਟ' ਵੀ ਨਜ਼ਰ ਆ ਰਿਹਾ ਹੈ। ਲੋਕਾਂ ਦਾ ਮੰਨਣਾ ਹੈ ਕਿ ਜ਼ਿਲ੍ਹੇ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਭਾਵੇਂ ਸਾਰੇ ਹੀ ਕਾਂਗਰਸੀ ਵਿਧਾਇਕ ਹਨ ਪਰ ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਦੋ ਧੜੇ ਹੋਣ ਕਾਰਨ ਕਿਤੇ ਨਾ ਕਿਤੇ ਉਕਤ ਸਿੱਖਿਆ ਅਧਿਕਾਰੀ ਬੈਲੇਂਸ ਬਿਠਾਉਣ ਵਿਚ ਕਾਮਯਾਬ ਨਹੀਂ ਰਹੇ। ਉਧਰ ਇਸ ਸਬੰਧੀ ਜਦੋਂ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਨੇ ਫੋਨ ਹੀ ਨਹੀਂ ਚੁੱਕਿਆ।

...........

ਬਾਕਸ

-ਜੇਲ੍ਹ ਮੰਤਰੀ ਰੰਧਾਵਾ ਦੇ ਸਮਾਗਮ ਲਈ ਸੱਦੇ 700 ਅਧਿਆਪਕਾਂ ਨੂੰ ਹਾਜ਼ਰ ਹੋਣ ਲਈ ਜਾਰੀ ਕੀਤੇ ਸਨ ਫੁਰਮਾਨ

ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਨਾ ਲਏ ਜਾਣ ਦੇ ਜਾਰੀ ਹੁਕਮਾਂ ਦੇ ਬਾਵਜੂਦ ਫਿਰੋਜ਼ਪੁਰ ਦੇ ਜ਼ਿਲ੍ਹਾ ਸਿੱਖਿਆ ਅਫਸਰ ਨੇਕ ਸਿੰਘ ਵੱਲੋਂ ਬੀਤੀ 9 ਜੁਲਾਈ ਨੂੰ 49 ਦੇ ਕਰੀਬ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ, ਕਾਲਜਾਂ ਦੇ 700 ਦੇ ਕਰੀਬ ਅਧਿਆਪਕਾਂ ਨੂੰ ਪੱਤਰ ਜਾਰੀ ਕਰ ਕੇ ਜੇਲ੍ਹ ਮੰਤਰੀ ਦੇ ਸਮਾਗਮ ਵਿਚ ਹਾਜ਼ਰ ਹੋਣ ਲਈ ਆਖਿਆ ਗਿਆ ਸੀ। ਉਸ ਵੇਲੇ ਮੀਡੀਆ ਵਿਚ ਇਹ ਖ਼ਬਰ ਅਤੇ ਡੀਈਓ ਵੱਲੋਂ ਜਾਰੀ ਪੱਤਰ ਖੂਬ ਵਾਇਰਲ ਹੋਏ ਸੀ। ਹੁਣ ਦੱਸਿਆ ਜਾ ਰਿਹਾ ਹੈ ਕਿ ਸਿੱਖਿਆ ਅਧਿਕਾਰੀ ਦੀ ਇਹ ਚਰਚਾ ਹੀ ਉਨ੍ਹਾਂ ਦੇ ਸਸਪੈਂਡ ਹੋਣ ਦਾ ਕਾਰਨ ਬਣੀ ਹੋ ਸਕਦੀ ਹੈ।

-----

-ਸਰਕਾਰ ਦਾ ਹੁਕਮ ਸਿਰ ਮੱਥੇ : ਨੇਕ ਸਿੰਘ

ਇਸ ਮੌਕੇ ਜਦੋਂ ਮੁਅੱਤਲ ਹੋਏ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇਕ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਦਾ ਹੁਕਮ ਸਿਰ ਮੱਥੇ। ਉਨ੍ਹਾਂ ਕਿਹਾ ਕਿ ਉਨ੍ਹਾਂ ਹਮੇਸ਼ਾ ਪੂਰੀ ਇਮਾਨਦਾਰੀ, ਬਿਨਾਂ ਪੱਖਪਾਤ ਤੇ ਤਨਦੇਹੀ ਨਾਲ ਕੰਮ ਕਰਨ ਨੂੰ ਪਹਿਲ ਦਿੱਤੀ ਹੈ। ਉਨ੍ਹਾਂ ਦੀ ਤਾਇਨਾਤੀ ਕਿਤੇ ਵੀ ਕਰ ਦਿੱਤੀ ਜਾਵੇ, ਉਨ੍ਹਾਂ ਨੇ ਆਪਣਾ ਕੰਮ ਇਮਾਨਦਾਰੀ ਨਾਲ ਕਰਨਾ ਹੈ।