ਅੰਮ੍ਰਿਤ ਖਾਲਸਾ, ਅਬੋਹਰ : ਪਿਛਲੇ 2 ਦਿਨਾਂ ਤੋਂ ਸ਼ਹਿਰ ਵਿਚ ਪੈ ਰਹੇ ਮੀਂਹ ਕਾਰਨ ਕਈ ਇਲਾਕਿਆਂ ਵਿਚ ਕਰੀਬ ਅੱਧਾ ਦਰਜ਼ਨ ਮਕਾਨ ਡਿੱਗ ਗਏ ਹਨ, ਅਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਈ ਹੋਰਾਂ ਮਕਾਨਾਂ ਲਈ ਵੀ ਖਤਰਾ ਬਣਿਆ ਹੋਇਆ ਹੈ ਜਦ ਕਿ ਇਕ ਮਕਾਨ ਦੀ ਛੱਤ ਡਿੱਗਣ ਕਾਰਨ ਇਕ ਵਿਅਕਤੀ ਵੀ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਦੂਜੇ ਪਾਸੇ ਸਥਾਨਕ ਉਪ ਮੰਡਲ ਮੈਜਿਸਟਰੇਟ ਪੂਨਮ ਸਿੰਘ ਨੇ ਸਰਕਾਰੀ ਹਸਪਤਾਲ ਪੁੱਜ ਕੇ ਜਖਮੀ ਦਾ ਹਾਲ ਜਾਣਿਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨੁਕਸਾਨ ਦੀ ਰਿਪੋਰਟ ਬਣਾ ਕੇ ਉਚ ਅਧਿਕਾਰੀਆਂ ਨੂੰ ਭੇਜਣ ਦੇ ਨਿਰਦੇਸ਼ ਦਿੱਤੇ। ਮਿਲੀ ਜਾਣਕਾਰੀ ਅਨੁਸਾਰ ਰਾਜੀਵ ਨਗਰ ਵਿਚ ਛੱਤ ਡਿੱਗਣ ਨਾਲ 1 ਵਿਅਕਤੀ ਜ਼ਖ਼ਮੀ ਹੋਇਅ ਜਦ ਕਿ ਸ਼ੁਭਾਸ ਨਗਰ ਵਿਚ ਮਕਾਨ ਦੀ ਛੱਤ ਡਿੱਗਣ ਕਾਰਨ ਘਰ ਦਾ ਸਾਰਾ ਸਾਮਨ ਨੁਕਸਾਨਿਆ ਗਿਆ।

ਇਸ ਤੋਂ ਇਲਾਵਾ ਨਾਨਕ ਨਗਰੀ ਵਿਚ ਅਰਵਿੰਦ ਸਚਦੇਵਾ ਦੇ ਮਕਾਨ ਦੀ ਛੱਤ ਡਿੱਗਣ ਕਾਰਨ ਭਾਰੀ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਪੰਜਪੀਰ ਨਗਰ ਵਿਚ ਪੰਕਜ ਕੁਮਾਰ, ਸੰਤ ਨਗਰ ਵਿਚ ਦਿਨੇਸ਼ ਅਤੇ ਹੋਰ ਕਈ ਲੋਕਾਂ ਦੇ ਮਕਾਨਾਂ ਨੂੰ ਵੀ ਨੁਕਸਾਨ ਪੁੱਜਾ ਹੈ, ਜਿਸ ਦੀ ਰਿਪੋਰਟ ਬਣਾਉਣ ਦੇ ਆਦੇਸ਼ ਉਪ ਮੰਡਲ ਮੈਜਿਸਟਰੇਟ ਵੱਲੋਂ ਦੇ ਦਿੱਤੇ ਗਏ ਹਨ। ਉਨ੍ਹਾਂ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਪਾਣੀ ਦੀ ਨਿਕਾਸੀ ਕਰਾਉਣ ਦੇ ਹੁਕਮ ਵੀ ਦਿੱਤੇ ਹਨ।

Posted By: Sarabjeet Kaur