ਸਟਾਫ ਰਿਪੋਰਟਰ,ਫ਼ਿਰੋਜ਼ਪੁਰ : ਕਸਬਾ ਗੁਰੂਹਰਸਹਾਏ ਦੇ ਪਿੰਡ ਪਿੰਡੀ ਵਿਖੇ ਪਰਾਲੀ ਸਾਂਭਣ ਨੂੰ ਲੈ ਕੇ ਹੋਏ ਝਗੜੇ ਵਿਚ ਇਕ ਵਿਅਕਤੀ ਦਾ ਕਤਲ ਹੋ ਗਿਆ। ਮਿ੍ਤਕ ਦੀ ਪਛਾਣ ਪੋਸਟ ਆਫਿਸ ਵਿਚ ਕੰਮ ਕਰਦੇ ਵਿਸ਼ੂ ਹਾਂਡਾ ਵਜੋਂ ਹੋਈ ਹੈ, ਜਦਕਿ ਕਤਲ ਦਾ ਦੋਸ਼ ਪੰਜਾਬ ਪੁਲਿਸ ਦੇ ਮੁਲਾਜ਼ਮ ਬੱਬੂ 'ਤੇ ਲੱਗਾ ਹੈ। ਜਾਣਕਾਰੀ ਅਨੁਸਾਰ ਵਿਸ਼ੂ ਹਾਂਡਾ ਅਤੇ ਬੱਬੂ ਦੇ ਖੇਤਾਂ ਦੀ ਵੱਟ ਸਾਂਝੀ ਹੈ। ਦੋਵੇਂ ਧਿਰਾਂ ਆਪਸ 'ਚ ਸ਼ਰੀਕੇ ਵਿਚੋਂ ਹਨ।

ਬੁੱਧਵਾਰ ਨੂੰ ਪਰਾਲੀ ਸਾਂਭਣ ਵੇਲੇ ਇਕ ਧਿਰ ਦੀ ਪਰਾਲੀ ਦਾ ਕੁਝ ਹਿੱਸਾ ਗੁਆਂਢੀ ਖੇਤ ਵਿਚ ਪਹੁੰਚ ਗਿਆ, ਜਿਸ ਤੋਂ ਹੋਈ ਲੜਾਈ ਵਿਚ ਬੱਬੂ ਵੱਲੋਂ ਮਾਰੀ ਇੱਟ ਵਿਸ਼ੂ ਹਾਂਡਾ ਦੇ ਸਿਰ 'ਚ ਜਾ ਵੱਜੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਲੋੜੀਂਦੀ ਕਾਰਵਾਈ ਮਗਰੋਂ ਵਿਸ਼ੂ ਹਾਂਡਾ ਦੀ ਲਾਸ਼ ਨੂੰ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਭੇਜਿਆ ਹੈ, ਜਿੱਥੇ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਉਧਰ, ਮੁਲਜ਼ਮ ਫ਼ਰਾਰ ਦੱਸਿਆ ਜਾ ਰਿਹਾ ਹੈ।