ਪਰਮਿੰਦਰ ਸਿੰਘ ਥਿੰਦ, ਫ਼ਿਰੋਜ਼ਪੁਰ : ਕਸਬਾ ਗੁਰੂਹਰਸਹਾਏ ਦੇ ਪਿੰਡ ਪਿੰਡੀ ਵਿਖੇ ਬੀਤੇ ਦਿਨ ਪਰਾਲੀ ਸਾਂਭਣ ਨੂੰ ਲੈ ਕੇ ਹੋਏ ਕਤਲ ਦੇ ਮਾਮਲੇ ਵਿਚ ਪੁਲਿਸ ਨੇ 7 ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਥਾਣਾ ਗੁਰੂਹਰਸਹਾਏ ਦੀ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕਸ਼ਮੀਰ ਲਾਲ ਪੁੱਤਰ ਰਾਮ ਚੰਦ ਵਾਸੀ ਪਿੰਡ ਪਿੰਡੀ ਨੇ ਦੋਸ਼ ਲਾਇਆ ਕਿ ਉਹ ਆਪਣੇ ਖੇਤ ਵਿਚੋਂ ਪਰਾਲੀ ਕੱਟਣ ਲਈ ਰੀਪਰ ਚਲਾ ਰਿਹਾ ਸੀ ਕਿ ਇਸ ਦੌਰਾਨ ਉਨ੍ਹਾਂ ਦੀ ਜ਼ਮੀਨ ਨਾਲ ਲੱਗਦੇ ਗੁਰਬਖ਼ਸ਼ ਰਾਮ ਦੇ ਖੇਤ ਵਿਚ ਪਰਾਲੀ ਚਲੀ ਗਈ, ਜਿਸ ਕਾਰਨ ਗੁਰਬਖ਼ਸ ਰਾਮ ਨੇ ਉਨ੍ਹਾਂ ਨਾਲ ਝਗੜਾ ਸ਼ੁਰੂ ਕਰ ਦਿੱਤਾ। ਕਸ਼ਮੀਰ ਲਾਲ ਨੇ ਦੋਸ਼ ਲਾਇਆ ਕਿ ਗੁਰਬਖਸ਼ ਰਾਮ ਨੇ ਆਪਣੇ ਸਾਥੀ ਸਤਪਾਲ, ਸੁਖਵਿੰਦਰ ਸਿੰਘ, ਪੱਪੂ ਰਾਮ ਉਰਫ਼ ਇਕਬਾਲ ਚੰਦ, ਭੁਪਿੰਦਰ ਸਿੰਘ, ਅਰਸ਼ਦੀਪ ਅਤੇ ਵਿਨੋਦ ਉਰਫ਼ ਨੋਦੂ ਆਦਿ ਨਾਲ ਮਿਲ ਕੇ ਉਸ ਦੀ ਕੁੱਟਮਾਰ ਕੀਤੀ।

ਜਦੋਂ ਉਸ ਦੇ ਚਾਚੇ ਦਾ ਲੜਕਾ ਵਿਸ਼ਵਾ ਮਿੱਤਰ (38) ਪੁੱਤਰ ਮੱਖਣ ਰਾਮ ਵਾਸੀ ਪਿੰਡ ਪਿੰਡੀ ਉਸ ਨੂੰ ਛੁਡਾਉਣ ਲਈ ਅੱਗੇ ਆਇਆ ਤਾਂ, ਉਕਤ ਲੋਕਾਂ ਨੇ ਉਸ ਦੇ ਵੀ ਸੱਟਾਂ ਮਾਰੀਆਂ ਅਤੇ ਗੰਭੀਰ ਜ਼ਖ਼ਮੀ ਕਰ ਦਿੱਤਾ। ਇਲਾਜ ਲਈ ਹਸਪਤਾਲ ਲਿਜਾਂਦਿਆਂ ਰਸਤੇ ਵਿਚ ਹੀ ਵਿਸ਼ਵਾ ਮਿੱਤਰ ਨੇ ਦਮ ਤੋੜ ਦਿੱਤਾ।

ਉਧਰ, ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਤਰਸੇਮ ਸ਼ਰਮਾ ਨੇ ਦੱਸਿਆ ਕਿ ਸ਼ਿਕਾਇਤਕਰਤਾ ਕਸ਼ਮੀਰ ਲਾਲ ਦੇ ਬਿਆਨਾਂ ਦੇ ਆਧਾਰ 'ਤੇ ਗੁਰਬਖਸ਼ ਰਾਮ ਪੁੱਤਰ ਕਾਲੂ ਰਾਮ, ਸਤਪਾਲ ਪੁੱਤਰ ਗੁਰਬਖ਼ਸ਼ ਰਾਮ, ਸੁਖਵਿੰਦਰ ਸਿੰਘ ਪੁੱਤਰ ਸਤਪਾਲ, ਪੱਪੂ ਰਾਮ ਉਰਫ਼ ਇਕਬਾਲ ਚੰਦ ਪੁੱਤਰ ਗੁਰਬਖ਼ਸ਼ ਰਾਮ, ਭੁਪਿੰਦਰ ਸਿੰਘ ਪੁੱਤਰ ਸਤਪਾਲ, ਅਰਸ਼ਦੀਪ ਪੁੱਤਰ ਪੱਪੂ ਰਾਮ ਉਰਫ਼ ਇਕਬਾਲ ਚੰਦ ਅਤੇ ਵਿਨੋਦ ਉਰਫ਼ ਨੋਦੂ ਪੁੱਤਰ ਇਕਬਾਲ ਚੰਦ ਵਾਸੀਅਨ ਪਿੰਡੀ ਵਿਰੁੱਧ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਸਾਰੇ ਮੁਲਜ਼ਮ ਪੁਲਿਸ ਦੀ ਪਹੁੁੰਚ ਤੋਂ ਬਾਹਰ ਹਨ।