ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਵਿਚ ਦੋ ਦਰਜਨ ਤੋਂ ਵੱਧ ਦੁਕਾਨਾਂ 'ਤੇ ਹੱਲਾ ਬੋਲਦਿਆਂ 'ਆਰਗੇਨਾਈਜ਼' ਢੰਗ ਨਾਲ ਆਏ ਚੋਰਾਂ ਨੇ 6 ਤੋਂ ਵੱਧ ਦੁਕਾਨਾਂ ਦੇ ਸ਼ਟਰ ਤੋੜਨ ਵਿੱਚ ਸਫ਼ਲਤਾ ਹਾਸਲ ਕੀਤੀ। ਜ਼ਿਲ੍ਹਾ ਪੁਲੀਸ ਨੂੰ ਖੁੱਲ੍ਹਾ ਚੈਲੇਂਜ ਦੇਂਦਿਆਂ ਜਿਥੇ ਚੋਰਾਂ ਨੇ ਕਈ ਦੁਕਾਨਾਂ ਤੋਂ ਮਾਲ ਲੁੱਟਿਆ ਉਥੇ ਇਕ ਸ਼ੋਅਰੂਮ ਮਾਲਕ ਦਾ ਇਹ ਵੀ ਕਹਿਣਾ ਸੀ ਕਿ ਉਸਦਾ ਇਕ ਕਰੋੜ ਰੁਪਏ ਤੋਂ ਵੀ ਵੱਧ ਦਾ ਨੁਕਸਾਨ ਹੋਇਆ ਹੈ।

ਇਥੇ ਹੈਰਾਨੀ ਭਰਿਆ ਪਹਿਲੂ ਇਹ ਵੀ ਹੈ ਕਿ ਕਈ ਥਾਈਂ ਰਾਤ ਇੱਕ ਵਜੇ ਪੁਲਿਸ ਨੂੰ ਇਤਲਾਹ ਦੇਣ ਦੇ ਬਾਵਜੂਦ ਸਬੰਧਤ ਥਾਣਿਆਂ ਦੀ ਪੁਲਿਸ ਸਵੇਰੇ ਅੱਠ ਵਜੇ ਤੋਂ ਮਗਰੋਂ ਮੌਕਾ ਏ ਵਾਰਦਾਤ 'ਤੇ ਪਹੁੰਚੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਆਸਪਾਸ ਦੇ ਇਲਾਕੇ ਦੇ ਸੀਸੀਟੀਵੀ ਫੁਟੇਜ ਤੋਂ ਦੋਸ਼ੀਆਂ ਦੀ ਵੀਡੀਓ ਕਢਵਾਈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇੱਕੋ ਰਾਤ ਵਿੱਚ ਚੋਰਾਂ ਨੇ ਦੁਕਾਨਾਂ ਵਿੱਚੋਂ ਕਰੀਬ 7-8 ਲੱਖ ਦਾ ਸਾਮਾਨ ਅਤੇ ਨਕਦੀ ਚੋਰੀ ਕਰ ਲਈ।

'ਆਰਗੇਨਾਈਜ਼ਡ' ਢੰਗ ਨਾਲ ਕਰਾਈਮ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਗਏ ਸਨ ਚੋਰ

ਬੁੱਧਵਾਰ ਤੇ ਵੀਰਵਾਰ ਦੀ ਦਰਮਿਆਨੀ ਰਾਤ ਫਿਰੋਜ਼ਪੁਰ ਛਾਉਣੀ ਅਤੇ ਸ਼ਹਿਰ ਵਿੱਚ ਵੱਖ-ਵੱਖ ਥਾਈਂ ਚੋਰਾਂ ਵੱਲੋਂ ਅੰਜਾਮ ਦਿੱਤੀਆਂ ਗਈਆਂ ਵਾਰਦਾਤਾਂ ਨੂੰ ਜਦੋਂ ਵੱਖ ਵੱਖ ਸੀਸੀਟੀਵੀ ਕੈਮਰਿਆਂ ਜ਼ਰੀਏ ਵੀਰਵਾਰ ਸਵੇਰੇ ਵੇਖਿਆ ਗਿਆ ਤਾਂ ਸਾਰੀਆਂ ਹੀ ਵਾਰਦਾਤਾਂ ਇਕ 'ਆਰਗੇਨਾਈਜ਼ ਢੰਗ ਨਾਲ ਅੰਜਾਮ ਦਿੱਤੀਆਂ ਗਈਆਂ ਨਜ਼ਰ ਆਈਆਂ ।

ਮਹਿੰਗੀਆਂ ਗੱਡੀਆਂ ਵਿੱਚ ਆਏ ਚੋਰ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਇਕ ਦੁਕਾਨ ਦੇ ਇੱਕ ਸ਼ਟਰ 'ਤੇ ਕੁਝ ਮਿੰਟ ਹੀ ਟਰਾਈ ਕਰਦੇ ਸਨ। ਜੇ ਸ਼ਟਰ ਨਹੀਂ ਚੁੱਕਿਆ ਜਾਂਦਾ ਜਾਂ ਤਾਲਾ ਨਹੀਂ ਟੁੱਟਦਾ ਤਾਂ ਉਹ ਅਗਲੀ ਦੁਕਾਨ ਨੂੰ ਹੱਥ ਪਾਉਂਦੇ ਸਨ। ਭਾਵੇਂ ਕਿ ਚੋਰਾਂ ਦਾ "ਮੋਡਸ ਓਪਰੈਂਡੀ" ਕਿਤੇ ਨਾ ਕਿਤੇ 'ਆਰਗੇਨਾਈਜ਼ਡ ਕ੍ਰਾਈਮ' ਦੀ ਬਾਤ ਵੀ ਪਾ ਰਿਹਾ ਸੀ, ਪਰ ਕੀ ਪੁਲਿਸ ਇਸ ਨੂੰ 'ਆਰਗੇਨਾਈਜ਼ਡ ਕ੍ਰਾਈਮ' ਦੇ ਦਾਇਰੇ ਵਿਚ ਰੱਖੇਗੀ ਜਾਂ ਮਹਿਜ਼ ਚੋਰੀ ਦੀਆਂ ਧਾਰਾਵਾਂ ਲਾ ਕੇ ਹੀ ਖਾਨਾਪੂਰਤੀ ਕਰਦਿਆਂ ਰਾਹ ਪਵੇਗੀ।

Posted By: Jagjit Singh