ਫਿਰੋਜ਼ਪੁਰ : ਸ਼ਨਿਚਰਵਾਰ ਨੂੰ ਫਿਰੋਜ਼ਪੁਰ ਸ਼ਹਿਰ ਦੀ ਦਾਣਾਮੰਡੀ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋ ਰਹੇ ਸਹੁੰ ਚੁੱਕ ਸਮਾਗਮ ਦਾ ਜ਼ੀਰਾ ਹਲਕੇ ਦੇ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਬਾਈਕਾਟ ਕਰ ਦਿੱਤਾ। ਆਪਣੇ ਸੰਬੋਧਨ ਦੌਰਾਨ ਕੁਲਬੀਰ ਨੇ ਸਟੇਜ 'ਤੇ ਬੈਠੇ ਆਈਜੀ ਐੱਮਐੱਸ ਛੀਨਾ ਤੇ ਦੂਸਰੇ ਪੁਲਿਸ ਅਧਿਕਾਰੀਆਂ ਵੱਲ ਇਸ਼ਾਰਾ ਕਰਦੇ ਹੇ ਸਬੂਤ ਦਿਖਾ ਕੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ। ਸਹੁੰ ਚੁੱਕ ਸਮਾਗਮ ਦਾ ਬਾਈਕਾਟ ਕਰਨ ਤੋਂ ਪਹਿਲਾਂ ਜ਼ੀਰਾ ਨੇ ਕਿਹਾ ਕਿ ਅਜਿਹੀ ਝੂਠੀ ਸਹੁੰ ਚੁੱਕਣ ਦਾ ਕੀ ਫਾਇਦਾ ਜਿਸ 'ਤੇ ਅਮਲ ਹੀ ਨਾ ਹੋ ਸਕੇ। ਇਹ ਕਹਿੰਦੇ ਹੋਏ ਉਹ ਮੰਚ ਤੋਂ ਹੇਠਾਂ ਉਤਰਨ ਲੱਗੇ ਜਿਸ ਨੂੰ ਦੇਖ ਕੇ ਉਨ੍ਹਾਂ ਦੇ ਹਲਕੇ ਦੇ ਪੰਡਾਲ ਪਿੱਛੇ ਬੈਠੇ ਸਾਰੇ ਪੰਚ, ਸਰਪੰਚ, ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਉੱਠ ਕੇ ਉਨ੍ਹਾਂ ਦੇ ਨਾਲ ਚਲੇ ਗਏ।

ਕੁਲਬੀਰ ਸਿੰਘ ਜ਼ੀਰਾ ਨੇ ਸਟੇਜ 'ਤੇ ਮਾਈਕ ਸੰਭਾਲਦਿਆਂ ਹੀ ਨਾਜਾਇਜ਼ ਨਸ਼ੇ ਦੇ ਮੁੱਦੇ 'ਤੇ ਬੋਲਣਾ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਉਨ੍ਹਾਂ ਕੈਪਟਨ ਨੇ ਇਸ ਵਾਅਦੇ ਨੂੰ ਯਾਦ ਦਿਵਾਇਆ ਜਿਸ ਵਿਚ ਉਨ੍ਹਾਂ ਨੇ ਸੂਬੇ ਵਿਚ ਨਸ਼ਾ ਖ਼ਤਮ ਕਰਨ ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਉਨ੍ਹਾਂ ਆਪਣੇ ਹਲਕੇ ਤੇ ਫਿਰੋਜ਼ਪੁਰ ਸ਼ਹਿਰੀ ਹਲਕੇ ਵਿਚ ਨਾਜਾਇਜ਼ ਨਸ਼ੇ ਦੇ ਕਾਰੋਬਾਰ ਤੇ ਨਾਜਾਇਜ਼ ਨਸ਼ੇ ਨਾਲ ਫੜੇ ਗਏ ਲੋਕਾਂ 'ਤੇ ਦਰਜ ਕੀਤੀ ਗਈ ਐੱਫਆਈਆਰ ਤੇ ਐੱਫਆਈਆਰ ਰੱਦ ਹੋਣ ਦੇ ਦਰਜਨ ਭਰ ਤੋਂ ਵੱਧ ਇਕ-ਇਕ ਕਰ ਕੇ ਸਬੂਤ ਦਿਖਾਏ।


ਇਸ ਦੌਰਾਨ ਉਨ੍ਹਾਂ ਸਟੇਜ 'ਤੇ ਪਹਿਲੀ ਲਾਈਨ ਵਿਚ ਮੰਚ 'ਤੇ ਬਿਰਾਜਮਾਨ ਪੁਲਿਸ ਵਿਭਾਗ ਦੇ ਆਈਜੀ ਐੱਮਐੱਸ ਛੀਨਾ 'ਤੇ ਵਿਅੰਗ ਕੱਸਦਿਆਂ ਕਿਹਾ ਕਿ ਆਈਜੀ ਨੇ ਨਾਜਾਇਜ਼ ਨਸ਼ੇ ਦੀ ਦਰਜ ਹੋਈ ਐੱਫਆਈਆਰ ਤੋਂ ਆਪਣੇ ਰਿਸ਼ਤੇਦਾਰ ਦਾ ਬਚਾਅ ਕੀਤਾ ਹੈ। ਉਨ੍ਹਾਂ ਦੇ ਸਮਰਥਕਾਂ 'ਤੇ ਪੁਲਿਸ ਨੇ ਝੂਠੇ ਮੁਕੱਦਮੇ ਦਰਜ ਕੀਤੇ ਹਨ ਜਿਨ੍ਹਾਂ ਨੂੰ ਹੁਣ ਤਕ ਰੱਦ ਨਹੀਂ ਕੀਤਾ ਗਿਆ ਜਦਕਿ ਦੂਸਰੇ ਪਾਸੇ ਦੋ ਹਜ਼ਾਰ ਬੋਤਲਾਂ, ਚਾਰ ਹਜ਼ਾਰ ਪੇਟੀਆਂ ਨਾਜਾਇਜ਼ ਸ਼ਰਾਬ ਰੰਗੇ ਹੱਥੀਂ ਫੜੇ ਗਏ। ਮੁਲਜ਼ਮਾਂ ਦਾ ਨਾਂ ਐੱਫਆਈਆਰ ਵਿਚ ਦਰਜ ਹੋਣ ਤੋਂ ਬਾਅਦ ਐੱਫਆਈਆਰ ਹੀ ਖਾਰਜ ਕਰ ਦਿੱਤੀ ਗਈ। ਸਟੇਜ 'ਤੇ ਜਦੋਂ ਕੁਲਬੀਰ ਆਪਣੀ ਹੀ ਸਰਕਾਰ ਨੂੰ ਨਾਜਾਇਜ਼ ਨਸ਼ੇ ਦੇ ਕਾਰੋਬਾਰ ਵਿਚ ਸ਼ਾਮਲ ਹੋਣ ਦੇ ਮੁੱਦੇ 'ਤੇ ਘੇਰ ਰਹੇ ਸਨ ਤਾਂ ਇਸ ਦੌਰਾਨ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਵਿਚ-ਵਿਚਾਲੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਜ਼ੀਰਾ ਨਹੀਂ ਮੰਨੇ ਅਤੇ ਆਪਣੀ ਗੱਲ ਜਾਰੀ ਰੱਖੀ। ਕੁਲਬੀਰ ਜਿਸ ਵੇਲੇ ਬੋਲ ਰਹੇ ਸਨ, ਉਸ ਵੇਲੇ ਪੂਰਾ ਪੰਡਾਲ ਸ਼ਾਂਤ ਹੋ ਕੇ ਉਨ੍ਹਾਂ ਨੂੰ ਸੁਣ ਰਿਹਾ ਸੀ। ਸਟੇਜ 'ਤੇ ਬੈਠੇ ਪੁਲਿਸ ਦੇ ਅਧਿਕਾਰੀ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸ਼ਾਂਤ ਸਨ।


ਕੁਲਬੀਰ ਤੋਂ ਪਹਿਲਾਂ ਫਿਰੋਜ਼ਪੁਰ ਦਿਹਾਤੀ ਦੀ ਕਾਂਗਰਸੀ ਵਿਧਾਇਕ ਸਤਕਾਰ ਕੌਰ ਗਹਿਰੀ ਨੇ ਵੀ ਆਪਣੇ ਭਾਸ਼ਣ ਵਿਚ ਪਿੰਡਾਂ ਦੇ ਵਿਕਾਸ ਕਰਾਜਾਂ ਤੋਂ ਵਾਂਝੇ ਹੋਣ ਦੀ ਗੱਲ ਚੁੱਕੀ। ਇਸ ਤੋਂ ਇਲਾਵਾ ਉਨ੍ਹਾਂ ਸੂਬਾ ਸਰਕਾਰ ਦੀ ਕਾਨੂੰਨ-ਵਿਵਸਥਾ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਇੱਥੇ ਤਾਂ ਥਾਣੇਦਾਰ ਦੀ ਪਤਨੀ ਵੀ ਸੁਰੱਖਿਅਤ ਨਹੀਂ ਹੈ, ਕਾਨੂੰਨ ਵਿਵਸਥਾ ਦੇ ਨਾਂ 'ਤੇ ਜੰਗਲਰਾਜ ਹੈ। ਉਕਤ ਦੋਨੋਂ ਕਾਂਗਰਸੀ ਵਿਧਾਇਕਾਂ ਵੱਲੋਂ ਆਪਣੇ ਹੀ ਸਰਕਾਰ ਤੇ ਪੁਲਿਸ ਦੇ ਆਹਲਾ ਅਇਧਕਾਰੀਆਂ ਨੂੰ ਕਟਹਿਰੇ ਵਿਚ ਖੜ੍ਹੇ ਕੀਤੇ ਜਾਣ ਦੇ ਸਵਾਲ 'ਤੇ ਵਿੱਤ ਮੰਤਰੀ ਨੇ ਕਿਹਾ ਕਿ ਉਹ ਇਸ ਉੱਤੇ ਕੁਝ ਵੀ ਕੁਮੈਂਟ ਨਹੀਂ ਕਰਨਾ ਚਾਹੁੰਦੇ। ਹਾਲਾਂਕਿ ਉਨ੍ਹਾਂ ਕਿਹਾ ਕਿ ਜੋ ਆਦਮੀ ਸਵਾ ਲੱਖ ਲੋਕਾਂ ਦੀ ਨੁਮਾਇੰਦਗੀ ਕਰਦਾ ਹੈ ਉਸ ਦੇ ਸ਼ਿਕਵੇ ਗ਼ਲਤ ਨਹੀਂ ਹੋਸ ਕਦੇ, ਇਸ ਦੀ ਜਾਂਚ ਹੋਵੇਗੀ।

Posted By: Seema Anand