ਅੰਗਰੇਜ ਭੁੱਲਰ, ਫਿਰੋਜ਼ਪੁਰ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਫਿਰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਹਿਲਾ ਹੀ ਆਰਥਿਕ ਤੰਗੀ ਵਿਚ ਪਿਸ ਰਹੀ ਤੇ ਹਰ ਰੋਜ਼ ਦੇਸ਼ ਵਿਚ ਖੁਦਕੁਸ਼ੀਆਂ ਰਾਹੀਂ ਮੌਤ ਦੇ ਮੂੰਹ ਵਿਚ ਜਾ ਰਹੀ ਕਿਸਾਨੀ ਦੀ ਬਾਂਹ ਨਾ ਫੜਣ ਦੇ ਦੋਸ਼ਾਂ ਨੂੰ ਸੱਚ ਸਾਬਤ ਕਰਦਿਆਂ ਕਣਕ ਦੇ ਭਾਅ ਵਿਚ 85 ਰੁਪਏ ਦਾ ਨਿਗੁਣਾ ਵਾਧਾ ਕਰਕੇੇ ਆਪਣਾ ਕਿਸਾਨ ਵਿਰੋਧੀ ਚਿਹਰਾ ਨੰਗਾ ਕਰ ਦਿੱਤਾ ਹੈ। ਖੇਤੀਬਾੜੀ ਮਾਹਰਾਂ ਤੇ ਲੁਧਿਆਣਾ ਯੂਨੀਵਰਸਿਟੀ ਦੀ ਰਿਪੋਰਟ ਮੁਤਾਬਿਕ ਲਾਗਤ ਖਰਚੇ 2 ਸੀ ਨਿਯਮ ਮੁਤਾਬਿਕ ਜ਼ਮੀਨ ਦਾ ਠੇਕਾ, ਕਿਸਾਨ ਦੇ ਪਰਿਵਾਰ ਦੇ ਮੈਂਬਰਾਂ ਦੀ ਕੁਸ਼ਲ ਕਾਮਾ ਗਿਣ ਕੇ ਦਿਹਾੜੀ ਤੇ ਹੋਰ ਖਰਚੇ ਗਿਣ ਕੇ ਉਸ ਉਪਰ 50 ਫੀਸਦੀ ਮੁਨਾਫਾ ਜੋੜ ਦਿੱਤਾ ਜਾਵੇ ਤਾਂ ਕਣਕ ਦਾ ਭਾਅ ਘੱਟੋ ਘੱਟ 2775 ਰੁਪਏ ਬਣੇਗਾ। ਇਸ ਮੌਕੇ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ ਫਸਲ ਦੀ ਸਿੱਧੀ ਅਦਾਇਗੀ ਦਾ ਕਾਨੂੰਨ ਲਾਗੂ ਕੀਤਾ ਜਾਵੇ, ਖੇਤੀ ਮੰਡੀ ਤੋੜ ਕੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਲਈ ਬਣਾਇਆ ਐਗਰੀਕਲਚਰਲ ਮਾਰਕੀਟਿੰਗ ਕਮੇਟੀ ਐਕਟ ਏਐੱਮਸੀਏ ਰੱਦ ਕੀਤਾ ਜਾਵੇ, 16 ਦੇਸ਼ਾਂ ਦੇ ਪ੍ਰਸ਼ਾਂਤ ਏਸ਼ੀਆ ਕਰ ਮੁਕਤ ਵਪਾਰ ਸਮਝੌਤ ਵਿਚੋਂ ਭਾਰਤ ਸਰਕਾਰ ਬਾਹਰ ਆਵੇ, ਕਿਸਾਨ ਪੱਖੀ ਖੇਤੀ ਨੀਤੀ ਬਣਾ ਕੇ 23 ਫਸਲਾਂ ਦੀ ਸਰਕਾਰੀ ਖਰੀਦ ਦੀ ਗਰੰਟੀ ਸਰਕਾਰ ਕੇ, ਲੋਕ ਪੱਖੀ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਦੀ ਉਮਰ ਕੈਦ ਦੀ ਸਜ਼ਾ ਰੱਦ ਕਰਕੇ ਬਰਨਾਲਾ ਜੇਲ੍ਹ ਵਿਚੋਂ ਰਿਹਾਅ ਕੀਤਾ ਜਾਵੇ। ਕਿਸਾਨਾਂ ਦਾ ਸਮੁੱਚਾ ਕਰਜਾ ਖਤਮ ਕੀਤਾ ਜਾਵੇ, 10 ਏਕੜ ਤੱਕ ਨਵਾਂ ਹੱਦਬੰਦੀ ਕਾਨੂੰਨ ਪਾਸ ਕਰਕੇ ਸਖਤੀ ਨਾਲ ਲਾਗੂ ਕੀਤਾ ਜਾਵੇ, ਦੇਸ਼ ਵਿਚ ਕਰੋੜਾਂ ਏਕੜ ਬੇਨਾਮੀ ਜ਼ਮੀਨ ਬੇਜ਼ਮੀਨਿਆਂ ਵਿਚ ਵੰਡੀ ਜਾਵੇ।