ਕੇਵਲ ਅਹੂਜਾ, ਮਖੂ : ਪੰਜਾਬ ਨੰਬਰਦਾਰ ਯੂਨੀਅਨ ਸਮਰਾ ਦੇ ਪ੍ਰਧਾਨ ਗੁਰਪਾਲ ਸਿੰਘ ਸਮਰਾ ਨੇ ਕੈਨੇਡਾ ਵੱਲੋਂ ਪੰਜਾਬ ਨੰਬਰਦਾਰ ਯੂਨੀਅਨ ਵੱਲੋਂ ਗਣਤੰਤਰ ਦਿਵਸ ਸਮਾਗਮਾਂ ਦੇ ਪੂਰਨ ਬਾਈਕਾਟ ਕਰਨ ਦਾ ਐਲਾਨ ਕਰਨ ਬਾਰੇ ਪੰਜਾਬ ਨੰਬਰਦਾਰ ਯੂਨੀਅਨ ਜ਼ੀਰਾ ਦੇ ਤਹਿਸੀਲ ਪ੍ਰਧਾਨ ਲਖਵਿੰਦਰ ਸਿੰਘ ਵਾਹੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਜਦੋਂ ਕਿਸਾਨ ਭਾਈਚਾਰਾ ਭਾਰੀ ਠੰਢ ਵਿਚ ਪਰਿਵਾਰ ਸਮੇਤ ਦਿੱਲੀ ਦੀਆਂ ਸੜਕਾਂ ਤੇ ਰਾਤਾਂ ਗੁਜਾਰਨ ਲਈ ਮਜ਼ਬੂਰ ਹੋਵੇ ਤਾਂ ਅਸੀਂ ਕਿਸ ਤਰਾਂ ਗਣਤੰਤਰ ਦਿਵਸ ਸਮਾਗਮਾਂ ਦੀ ਖੁਸ਼ੀ ਮਹਿਸੂਸ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਦੇਸ਼ ਦੀ ਹਾਕਮ ਜਮਾਤ ਦੇਸ਼ ਦਾ ਿਢੱਡ ਭਰਨ ਵਾਲੇ ਕਿਸਾਨਾਂ ਕੋਲੋਂ ਦੋ ਵਕਤ ਦਾ ਨਵਾਲਾ ਖੋਹਣ ਲਈ ਕਾਰਪੋਰੇਟ ਖਰਾਣਿਆਂ ਨਾਲ ਸਾਜ ਬਾਜ ਹੋਈ ਬੈਠੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨ ਨੂੰ ਆਪਣਾ ਹੱਕ ਮੰਗਣ 'ਤੇ ਅੱਤਵਾਦੀ, ਮਾਉਵਾਦੀ, ਪਾਕਿਸਤਾਨੀ ਅਤੇ ਪਤਾ ਨਹੀਂ ਕੀ ਕੀ ਰੁਤਬਾ ਦਿੱਤਾ ਜਾ ਰਿਹਾ ਹੈ। ਪੰਜਾਬ ਪ੍ਰਧਾਨ ਨੇ ਕਿਹਾ ਕਿ ਜਿਥੇ ਕੇਂਦਰ ਸਰਕਾਰ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ, ਉਥੇ ਹੀ ਪੰਜਾਬ ਸਰਕਾਰ ਨੇ ਵੀ ਨੰਬਰਦਾਰਾਂ ਨਾਲ ਪਿਛਲੇ ਵਰ੍ਹੇ ਕੀਤੇ ਐਲਾਨ ਅਨੁਸਾਰ ਵਧਾਇਆ ਮਾਨ ਭੱਤਾ ਇਕ ਸਾਲ ਬੀਤ ਜਾਣ 'ਤੇ ਵੀ ਲਾਗੂ ਨਹੀਂ ਕੀਤਾ। ਪੰਜਾਬ ਪ੍ਰਧਾਨ ਦੇ ਹੁਕਮਾਂ ਤਹਿਤ ਇਸ ਸਾਲ ਪੰਜਾਬ ਨੰਬਰਦਾਰ ਯੂਨੀਅਨ ਸਰਕਾਰ ਦੀਆਂ ਗਲਤ ਨੀਤੀਆਂ ਦੇ ਵਿਰੋਧ ਵਿਚ ਨੰਬਰਦਾਰ ਗਣਤੰਤਰ ਦਿਵਸ ਸਮਾਗਮਾਂ ਦਾ ਪੂਰਨ ਬਾਈਕਾਟ ਕਰਦੇ ਹੋਏ ਜ਼ਿਲ੍ਹਾ ਅਤੇ ਤਹਿਸੀਲ ਪੱਧਰ 'ਤੇ ਨਾ ਹੀ ਹਿੱਸਾ ਲੈਣਗੇ ਅਤੇ ਨਾ ਹੀ ਕੋਈ ਕੋਈ ਵੀ ਸਨਮਾਨ ਪੱਤਰ ਹਾਸਲ ਕਰਣਗੇ। ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਫਿਰੋਜ਼ਪੁਰ ਦੀ ਮੀਟਿੰਗ ਦੌਰਾਨ ਜ਼ਿਲ੍ਹਾ ਆਗੂਆਂ ਫੈਸਲਾ ਕੀਤਾ ਗਿਆ ਕਿ ਪੰਜਾਬ ਪ੍ਰਧਾਨ ਦੇ ਫੈਸਲੇ ਤੇ ਫੁੱਲ ਚੜਾਉਂਦੇ ਇਸ ਵਾਰ ਕੋਈ ਵੀ ਨੰਬਰਦਾਰ ਗਣਤੰਤਰ ਦਿਵਸ ਸਮਾਗਮਾਂ ਵਿੱਚ ਹਿੱਸਾ ਨਹੀਂ ਲਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਬਾਹਰਵਾਲੀ, ਤਹਿਸੀਲ ਪ੍ਰਧਾਨ ਲਖਵਿੰਦਰ ਸਿੰਘ ਵਾਹੀ, ਜਨਰਲ ਸਕੱਤਰ ਪ੍ਰਰੀਤਮ ਸਿੰਘ ਤਲਵੰਡੀ, ਮੀਤ ਪ੍ਰਧਾਨ ਰੇਸ਼ਮ ਸਿੰਘ ਮਲੰਗਸ਼ਾਹਵਾਲਾ, ਗੁਰਪ੍ਰਰੀਤ ਸਿੰਘ ਕਿੱਲੀ, ਦਲਜੀਤ ਸਿੰਘ ਜ਼ਿਲ੍ਹਾ ਖ਼ਜਾਨਚੀ, ਜਸਵੰਤ ਸਿੰਘ ਸੋਭਾ, ਗੁਰਜੰਟ ਸਿੰਘ ਮਖੂ, ਜਸਪਾਲ ਸਿੰਘ ਮਖੂ, ਬੇਅੰਤ ਸਿੰਘ ਸਰਹਾਲੀ ਆਦਿ ਆਗੂ ਹਾਜ਼ਰ ਸਨ।