ਜਗਵੰਤ ਸਿੰਘ ਮੱਲ੍ਹੀ, ਮਖੂ : ਤਿਉਹਾਰਾਂ ਦੇ ਸੀਜ਼ਨ 'ਚ ਕਥਿਤ ਤੌਰ 'ਤੇ ਵਧਾਈਆਂ ਦੇ ਗਿਫ਼ਟ ਲੈਣ ਲਈ ਤਾਂ ਹਰ ਵਿਭਾਗ ਸਰਗਰਮ ਨਜ਼ਰ ਆਉਂਦਾ ਹੈ। ਜਦਕਿ ਸਾਰਾ ਸਾਲ ਨਕਲੀ ਦੁੱਧ ਤੋਂ ਬਣੀਆਂ ਬਰਫ਼ੀ ਤੇ ਖੋਏ ਵਰਗੀਆਂ ਮਠਿਆਈਆਂ ਤੇ ਜ਼ਹਿਰੀਲੇ ਰਸਾਇਣਾਂ ਨਾਲ ਪੱਕੇ ਫਲ ਤੇ ਸਬਜ਼ੀਆਂ ਲੋਕਾਂ ਨੂੰ ਸ਼ਰੇਆਮ ਮੌਤ ਵੰਡਦੇ ਨੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਗੁਰਦੇਵ ਸਿੰਘ ਵਾਰਸਵਾਲਾ, ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਮੈਂਬਰ ਜਸਵੰਤ ਸਿੰਘ ਗੱਟਾ, ਸੂਬਾ ਜਨਰਲ ਸਕੱਤਰ ਜੋਗਿੰਦਰ ਸਿੰਘ ਸਭਰਾ, ਨੌਜਵਾਨ ਸਾਹਿਤਕਾਰ ਹਰਭਿੰਦਰ ਸਿੰਘ ਪੀਰਮੁਹੰਮਦ, ਧਰਮ ਸਿੰਘ ਅਰਾਈਆਂਵਾਲਾ, ਸੁਰਿੰਦਰ ਸਿੰਘ ਪੀਰਮੁਹੰਮਦ, ਜੋਗਾ ਸਿੰਘ, ਬਲਵੀਰ ਸਿਘ ਸਭਰਾ, ਬਲਵੰਤ ਸਿੰਘ,ਗੁਰਦੇਵ ਸਿੰਘ ਸਭਰਾ, ਜਗਤਾਰ ਸਿੰਘ ਅਤੇ ਨਿਸ਼ਾਨ ਸਿੰਘ ਆਦਿ ਚਿੰਤਤ ਕਿਸਾਨ ਆਗੂਆਂ ਨੇ ਹਫਤਾਵਾਰੀ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਆਖਿਆ ਕਿ ਸਥਾਨਕ ਐੱਸਐਮਓ ਅਤੇ ਜ਼ਿਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਕੇਵਲ ਦੁਕਾਨਾਂ 'ਤੇ ਛਾਪੇਮਾਰੀ ਦੀਆਂ ਅਖਬਾਰਾਂ 'ਚ ਖਬਰਾਂ ਛਪਵਾ ਕੇ ਹੀ ਆਪਣੇ ਆਪ ਨੂੰ ਸੁਰਖ਼-ਰੂ ਸਮਝਦੀਆਂ ਹਨ। ਇਥੋਂ ਤਕ ਕਿ ਅੱਜ ਤਕ ਕਿਸੇ ਨਕਲੀ ਦੁੱਧ ਉਤਪਾਦਨ ਅਤੇ ਫਲ ਸਬਜ਼ੀਆਂ ਵੇਚਣ ਵਾਲੇ 'ਤੇ ਜ਼ਰਾ ਮਾਤਰ ਵੀ ਕਾਰਵਾਈ ਦੇਖਣ ਨੂੰ ਨਹੀਂ ਮਿਲੀ। ਜਦਕਿ ਜੂਸ ਦੇ ਨਾਂ 'ਤੇ ਵੀ ਸਿੰਥੈਟਿਕ ਜ਼ਹਿਰ ਲੋਕਾਂ ਨੂੰ ਸ਼ਰੇਆਮ ਪਰੋਸਿਆ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਆਖਿਆ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੇ ਹੋਰ ਰੋਗ ਵੰਡਣ ਵਾਲੇ ਪਦਰਥਾਂ ਦੀ ਅਣਦੇਖੀ ਨਾ ਕੀਤੀ ਜਾਏ। ਸਗੋਂ ਸਬੰਧਤ ਵਿਭਾਗ ਤੇ ਹੋਰ ਸਰਕਾਰੀ ਮਸ਼ੀਨਰੀ ਆਪਣੇ ਬਣਦੇ ਫਰਜ ਨਿਭਾ ਕੇ ਲੋਕਾਂ 'ਤੇ ਅਹਿਸਾਨ ਕਰੇ।