ਪੱਤਰ ਪ੍ਰਰੇਰਕ, ਤਲਵੰਡੀ ਭਾਈ : ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੀ ਮੀਟਿੰਗ ਇੱਥੇ ਗੁਰਦੁਆਰਾ ਬਾਬਾ ਹਰੀ ਦਾਸ ਵਿਖੇ ਇਕਾਈ ਪ੍ਰਧਾਨ ਅਨੋਖ ਸਿੰਘ ਸਿਵੀਆ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਕੁਲਵਿੰਦਰ ਸਿੰਘ ਸੇਖੋਂ, ਮੇਲਾ ਸਿੰਘ ਭੋਲੂ ਵਾਲਾ ਮੀਤ ਪ੍ਰਧਾਨ ਬਲਾਕ ਘੱਲ ਖ਼ੁਰਦ, ਪਿਬਪਾਲ ਸਿੰਘ ਵੜਿੰਗ, ਕੁਲਦੀਪ ਸਿੰਘ, ਹਰਦੀਪ ਸਿੰਘ ਖੋਸਾ, ਰਾਜਵੰਤ ਸਿੰਘ, ਕਰਮਜੀਤ ਸਿੰਘ, ਗੁਰਚਰਨ ਸਿੰਘ ਸੇਖੋਂ, ਲਖਵਿੰਦਰ ਸਿੰਘ, ਜੱਜਪਾਲ ਸਿੰਘ, ਸਪੂਰਾ ਸਿੰਘ, ਮਨਜੀਤ ਸਿੰਘ ਆਦਿ ਕਿਸਾਨ ਆਗੂ ਸ਼ਾਮਲ ਸਨ। ਮੀਟਿੰਗ ਮੌਕੇ ਵਿਚਾਰ ਚਰਚਾ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਪਿਛਲੇ ਦੋ ਵਰਿ੍ਹਆਂ ਤੋਂ ਝੋਨੇ ਦੀ ਪਰਾਲੀ ਨਾ ਸਾੜਨ ਦਾ ਢੰਡੋਰਾ ਪਿੱਟਿਆ ਜਾ ਰਿਹਾ, ਪਰ ਝੋਨੇ ਦੀ ਪਰਾਲੀ ਨੂੰ ਜਜ਼ਬ ਕਰਨ ਵਾਸਤੇ ਕੋਈ ਵੀ ਠੋਸ ਪ੍ਰਬੰਧ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਝੋਨੇ ਦੀ ਪਿਛੇਤੀ ਲਵਾਈ ਕਾਰਨ ਝੋਨੇ ਕਟਾਈ ਤੋਂ ਤੁਰੰਤ ਬਾਅਦ ਅਗਲੀਆਂ ਫ਼ਸਲਾਂ ਲਈ ਜ਼ਮੀਨ ਤਿਆਰ ਕਰਨੀ ਹੁੰਦੀ ਹੈ। ਜਿਸ ਦੇ ਚੱਲਦਿਆਂ ਕਿਸਾਨਾਂ ਨੂੰ ਮਜਬੂਰੀ ਵੱਸ ਪਰਾਲੀ ਨੂੰ ਅੱਗ ਲਾਉਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪਹਿਲਾਂ ਹੀ ਵਧੇ ਹੋਏ ਫ਼ਸਲੀ ਖ਼ਰਚਿਆਂ ਦੀ ਮਾਰ ਸਹਿਣੀ ਪੈ ਰਹੀ ਅਤੇ ਕਿਸਾਨ ਝੋਨੇ ਦੀ ਪਰਾਲੀ ਜਜ਼ਬ ਕਰਨ ਦਾ ਵਾਧੂ ਬੋਝ ਸਹਿਣ ਕਰਨ ਤੋਂ ਅਸਮਰੱਥ ਹਨ। ਉਨ੍ਹਾਂ ਮੰਗ ਉਠਾਈ ਕਿ ਸਰਕਾਰ ਪਰਾਲੀ ਸਾਂਭਣ ਦੇ ਖਰਚੇ ਵਜੋਂ ਬੋਨਸ ਜਾਂ ਮੁਆਵਜ਼ੇ ਦਾ ਐਲਾਨ ਕਰੇ।