ਜਗਵੰਤ ਸਿੰਘ ਮੱਲ੍ਹੀ, ਮਖੂ : ਭਾਰਤੀ ਕਿਸਾਨ ਯੁਨੀਅਨ ਰਾਜੇਵਾਲ ਬਲਾਕ ਮਖੂ ਦੀ ਮੀਟਿੰਗ ਜੰਡ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸਕੱਤਰ ਪੰਜਾਬ ਪ੍ਰਗਟ ਸਿੰਘ ਤਲਵੰਡੀ ਨਿਪਾਲਾਂ ਅਤੇ ਯੂਥ ਵਿੰਗ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਪੀਰਮੁਹੰਮਦ ਵਿਸ਼ੇਸ ਰੂਪ 'ਚ ਹਾਜ਼ਰ ਹੋਏ। ਗਹਿਰੀ ਵਿਚਾਰ ਚਰਚਾ ਦੌਰਾਨ ਕਿਸਾਨ ਆਗੂਆਂ ਨੇ ਰੋਜ਼ਾਨਾਂ ਨਸ਼ੇ ਕਾਰਣ ਹੋ ਰਹੀਆਂ ਮੌਤਾਂ ਤੇ ਡੰੂਘੀ ਚਿੰਤਾ ਦਾ ਇਜ਼ਹਾਰ ਕੀਤਾ। ਯੂਥ ਵਿੰਗ ਪ੍ਰਧਾਨ ਲਖਵਿੰਦਰ ਸਿੰਘ ਪੀਰ ਮੁਹੰਮਦ ਨੇ ਆਖਿਆ ਕਿ ਪਹਿਲਾਂ ਹੀ ਕਿਸਾਨ ਕਰਜ਼ੇ ਨਾਲ ਮਰ ਰਹੇ ਹਨ। ਹੁਣ ਰੋਜਾਨਾਂ ਹੀ ਪੰਜਾਬ ਦੇ ਪਿੰਡ ਪਿੰਡ ਨਸ਼ੇ ਨਾਲ ਬੇਵਕਤੀ ਮੌਤਾਂ ਦੀਆਂ ਖ਼ਬਰਾਂ ਆ ਰਹੀਆਂ ਹਨ। ਜਿਨ੍ਹਾਂ ਵਿੱਚ ਵੀ ਬਹੁ ਗਿਣਤੀ ਕਿਸਾਨਾਂ ਅਤੇ ਮਜ਼ਦੂਰਾਂ ਦੇ ਨੌਜਵਾਨ ਪੁੱਤਰਾਂ ਦੀ ਹੈ। ਜਦਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਰੋਜ਼ਗਾਰ ਅਤੇ ਢੁਕਵੀਂ ਆਮਦਨ ਦਾ ਜ਼ਰੀਆ ਨਾ ਹੋਣ ਕਾਰਨ ਪਰੇਸ਼ਾਨੀ ਦੇ ਆਲਮ 'ਚ ਨੌਜ਼ਵਾਨੀ ਕੁਰਾਹੇ ਪੈ ਗਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਨਸ਼ੇ ਦੇ ਖਾਤਮੇ ਦੀ ਸਹੁੰ ਚੁੱਕਣ ਸਮੇਤ ਕੀਤੇ ਸਾਰੇ ਵਾਅਦਿਆਂ 'ਚੋਂ ਕੋਈ ਵੀ ਪੂਰਾ ਨਹੀਂ ਕੀਤਾ ਗਿਆ। ਆਗੂਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ਵਿੱਚ ਝੂਠੀ ਸੰਹੁ ਕਾਰਣ ਲੋਕਾਂ ਦੇ ਦੋਸ਼ੀ ਸਿੱਧ ਹੁੰਦੇ ਹਨ। ਆਗੂਆਂ ਕਿਹਾ ਕੇ ਕਾਂਗਰਸ ਦੀ ਮੌਜੂਦਾ ਸਰਕਾਰ ਦੌਰਾਨ ਕਈ ਨੁਮਾਇੰਦੇ ਅਤੇ ਪੁਲਿਸ ਦੇ ਕਈ ਮੁਲਾਜ਼ਮ ਵੀ ਕਥਿਤ ਤੌਰ 'ਤੇ ਇਸ ਧੰਦੇ ਵਿੱਚ ਲਿਪਤ ਹਨ। ਉਨ੍ਹਾਂ ਡਾਢੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਬੀਤੇ ਦਿਨੀਂ ਵੀ ਮੁੱਖ ਮੰਤਰੀ ਵਲੋਂ ਬਿਆਨ ਆਇਆ ਸੀ ਕਿ ਜਿਸ ਇਲਾਕੇ ਵਿਚ ਚਿੱਟੇ ਕਾਰਨ ਮੌਤ ਹੋਵੇਗੀ ਉਥੇ ਦੇ ਨਸ਼ੇ ਦੀ ਸਪਲਾਈ ਕਰਨ ਵਾਲੇ ਲੋਕਾਂ 'ਤੇ ਪਰਚਾ ਕੀਤਾ ਜਾਵੇਗਾ। ਉਸ ਇਲਾਕੇ ਦੇ ਡੀਐਸਪੀ ਅਤੇ ਥਾਣਾ ਮੁਖੀ ਵੀ ਜ਼ਿੰਮੇਵਾਰ ਹੋਣਗੇ। ਪ੍ਰੰਤੂ ਜੀਰਾ ਹਲਕੇ ਵਿਚ ਹੀ 15 ਦਿਨਾਂ ਦੋਰਾਨ ਹੋਈਆਂ ਅੱਧੀ ਦਰਜ਼ਨ ਨੌਜ਼ਵਾਨਾਂ ਹੋਈਆਂ ਮੋਤਾਂ 'ਤੇ ਕਿਸੇ ਵੀ ਨਸ਼ਾ ਵੇਚਣ ਵਾਲੇ ਜਾਂ ਪੁਲਿਸ ਅਧਿਕਾਰੀ ਖਿਲਾਫ਼ ਪਰਚਾ ਨਹੀਂ ਹੋਇਆ। ਉਲਟਾ ਕਥਿਤ ਤੌਰ 'ਤੇ ਪੁਲਿਸ ਦਾ ਸਾਰਾ ਜੋਰ ਅਜਿਹੇ ਮਾਮਲੇ ਦਬਾਉਂਣ 'ਚ ਹੀ ਲੱਗਾ ਰਿਹਾ ਜੋ ਕਿ ਅਤਿਅੰਤ ਨਿੰਦਣਯੋਗ ਹੈ। ਕਿਸਾਨ ਆਗੂਆਂ ਨੇ ਕਿਹਾ ਕੇ ਸਰਕਾਰ ਦਾ ਅੱਧੇ ਤੋਂ ਵੱਧ ਸਮਾਂ ਲੰਘ ਚੁੱਕਾ ਹੈ ਅਤੇ ਜੇਕਰ ਨਸ਼ੇ ਦਾ ਮਾਮਲਾ ਹਲ ਨਾਂ ਹੋਇਆ ਤਾਂ ਸਰਕਾਰ ਨੂੰ ਜਨਤਾ ਦੀ ਕਚਹਿਰੀ ਵਿਚ ਇਸ ਦਾ ਜੁਵਾਬ ਦੇਣਾ ਅੌਖਾ ਹੋ ਜਾਵੇਗਾ। ਇਸ ਮੌਕੇ ਮਾਸਟਰ ਅਮਰ ਸਿੰਘ, ਬਲਵਿੰਦਰ ਸਿੰਘ ਜਨਰਨ ਸਕੱਤਰ, ਹਰਜਿੰਦਰ ਸਿੰਘ, ਭਗਵਾਨ ਸਿੰਘ ਜਿਲ੍ਹਾ ਮੀਤ ਪ੍ਰਧਾਨ, ਵੀਰ ਸਿੰਘ, ਸਰੂਪ ਸਿੰਘ ਸਕੱਤਰ, ਦਰਸ਼ਨ ਸਿੰਘ ਮੀਤ ਪ੍ਰਧਾਨ, ਅੰਗ੍ਰੇਜ਼ ਸਿੰਘ ਮੈਂਬਰ ਜਿਲ੍ਹਾ ਕਮੇਟੀ, ਗੁਰਦੇਵ ਸਿੰਘ ਖ਼ਜ਼ਾਨਚੀ, ਨਿਰਮਲ ਸਿੰਘ, ਬਲਵੀਰ ਸਿੰਘ ਪੱਧਰੀ, ਬੁੱਢਾ ਸਿੰਘ ਜੱਗੇਵਾਲਾ ਅਤੇ ਬੁੱਧ ਸਿੰਘ ਮਲੰਗਸ਼ਾਹ ਵਾਲਾ ਆਦਿ ਕਿਸਾਨ ਆਗੂ ਵੀ ਹਾਜਰ ਸਨ।