ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਪਰਾਲੀ ਨਾ ਸਾੜਨ ਦੇ ਮਾਮਲੇ 'ਚ ਝੂਠੇ ਕੇਸ ਤਸਦੀਕ ਕਰਨ ਵਾਲੀਆਂ ਪੰਚਾਇਤਾਂ ਅਤੇ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਜਾਵੇਗੀ ਅਤੇ ਨਾਲ ਹੀ ਉਨ੍ਹਾਂ ਦੇ ਅਹੁਦੇ ਵਾਪਸ ਲਏ ਜਾਣਗੇ। ਇਹ ਜਾਣਕਾਰੀ ਦਿੰਦਿਆਂ ਡੀਸੀ ਚੰਦਰ ਗੰਦ ਨੇ ਕਿਹਾ ਕਿ ਪਰਾਲੀ ਨਾ ਸਾੜਨ ਦੇ ਮਾਮਲੇ 'ਚ ਮੁਆਵਜ਼ੇ ਦੀ ਵੰਡ ਦੇ ਮਾਮਲੇ 'ਚ ਕਿਸੇ ਵੀ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਡੀਸੀ ਨੇ ਦੱਸਿਆ ਕਿ ਪਰਾਲੀ ਨਾ ਸਾੜਨ ਤੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ ਸਰਕਾਰ ਵੱਲੋ ਮੁਆਵਜ਼ੇ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ ਤਹਿਤ ਪ੍ਰਤੀ ਏਕੜ 2500 ਰੁਪਏ ਮੁਆਵਜ਼ੇ ਦੀ ਵਿਵਸਥਾ ਕੀਤੀ ਗਈ ਸੀ। ਗ਼ੈਰ-ਬਾਸਮਤੀ ਝੋਨੇ ਦੀ ਕਾਸ਼ਤ ਕਰਨ ਵਾਲੇ 5 ਏਕੜ ਤਕ ਦੀ ਜ਼ਮੀਨ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 2500 ਰੁਪਏ ਮੁਆਵਜ਼ਾ ਦੇਣ ਦਾ ਫ਼ੈਸਲਾ ਕੀਤਾ ਗਿਆ ਸੀ। ਇਸ ਯੋਜਨਾ ਤਹਿਤ ਫਿਰੋਜ਼ਪੁਰ ਜ਼ਿਲੇ੍ਹ ਦੇ 827 ਕਿਸਾਨਾਂ ਨੂੰ ਮੁਆਵਜ਼ਾ ਵੰਡਿਆ ਗਿਆ ਹੈ। ਡੀਸੀ ਨੇ ਦੱਸਿਆ ਕਿ ਬਹੁਤ ਸਾਰੇ ਮਾਮਲਿਆਂ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਕੁਝ ਕਿਸਾਨਾਂ ਨੂੰ ਇਹ ਮੁਆਵਜ਼ਾ ਗ਼ਲਤ ਢੰਗ ਨਾਲ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਮਾਮਲਿਆਂ ਦੀ ਫ਼ੀਲਡ ਵੈਰੀਫਿਕੇਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਵਿਚ ਸਬੰਧਤ ਪਟਵਾਰੀ ਤੋਂ ਪਰਾਲੀ ਨੂੰ ਅੱਗ ਲਾਉਣ ਜਾਂ ਨਾ ਅੱਗ ਲਾਉਣ ਬਾਰੇ ਰਿਪੋਰਟ ਮੰਗੀ ਗਈ ਹੈ। ਡੀਸੀ ਨੇ ਦੱਸਿਆ ਕਿ ਮੁਆਵਜ਼ਾ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਵੱਲੋਂ ਪੋਰਟਲ 'ਤੇ ਕੀਤੀਆਂ ਐਂਟਰੀਆਂ ਦੇ ਆਧਾਰ 'ਤੇ ਵੰਡਿਆ ਗਿਆ ਹੈ, ਪਰ ਹੁਣ ਜਾਂਚ ਵਿਚ ਜੋ ਵੀ ਗ਼ਲਤ ਕੇਸ ਸਾਹਮਣੇ ਆਉਣਗੇ, ਸਬੰਧਤ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਨਵਾਂ ਕੇਸ ਪੋਰਟਲ ਵਿਚ ਅਪਲੋਡ ਕੀਤਾ ਜਾਵੇਗਾ, ਉਸ ਕੇਸ ਦੀ ਵੀ ਫ਼ੀਲਡ ਵੈਰੀਫਿਕੇਸ਼ਨ ਹੋਵੇਗੀ। ਡੀਸੀ ਨੇ ਕਿਹਾ ਕਿ ਕੁਝ ਸਹਿਕਾਰੀ ਸਭਾ ਦੇ ਸਕੱਤਰਾਂ ਨੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦੇ ਲੌਗਇਨ ਆਈਡੀ ਅਤੇ ਪਾਸਵਰਡ ਦੀ ਦੁਰਵਰਤੋਂ ਕੀਤੀ ਗਈ ਹੈ, ਇਸ ਲਈ ਸਾਰੇ ਸੈਕਟਰੀਆਂ ਨੂੰ ਨਵੇਂ ਲੌਗਇਨ ਆਈ ਡੀ ਅਤੇ ਪਾਸਵਰਡ ਜਾਰੀ ਕੀਤੇ ਗਏ ਹਨ। ਡੀਸੀ ਨੇ ਸਾਰੇ ਸਕੱਤਰਾਂ ਨੂੰ ਨਵੀਂ ਆਈ ਡੀ ਦੀ ਵਰਤੋਂ ਕਰਦਿਆਂ ਪੋਰਟਲ ਉੱਤੇ ਡਾਟਾ ਅਪਲੋਡ ਕਰਨ ਲਈ ਕਿਹਾ ਹੈ।