ਸੁਖਵਿੰਦਰ ਥਿੰਦ, ਫਾਜ਼ਿਲਕਾ : ਸਿਵਲ ਸਰਜਨ ਡਾ. ਦਲੇਰ ਸਿੰਘ ਮੁਲਤਾਨੀ ਨੇ ਕਿਹਾ ਕਿ ਦੇਸ਼ ਨੂੰ ਅਨੀਮੀਆ ਮੁਕਤ ਬਣਾਉਣ ਲਈ ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ 'ਚ 18 ਸਤੰਬਰ ਤੋਂ 'ਅਨੀਮੀਆ ਮੁਕਤ ਭਾਰਤ' ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਤਹਿਤ ਅਨੀਮੀਆ ਜਾਂਚ ਕੈਂਪ ਲਗਾ ਕੇ ਲੱਗਭਗ 150 ਗਰਭਵਤੀ ਮਾਵਾਂ, 150 ਬੱਚਿਆਂ ਅਤੇ ਕਿਸ਼ੋਰਾਂ ਦੇ ਖੂਨ ਦੀ ਜਾਂਚ ਕਰਕੇ ਉਨ੍ਹ੍ਹਾਂ ਦੇ ਐੱਚਬੀ ਲੈਵਲ ਦਾ ਪਤਾ ਲਗਾਇਆ ਜਾਵੇਗਾ। ਇਸ ਉਪਰੰਤ ਏਐੱਨਸੀ ਚੈੱਕਅਪ ਦੌਰਾਨ ਐੱਚਬੀ ਟੈਸਟ ਯਕੀਨੀ ਬਣਾਏ ਜਾਣਗੇ।

ਉਨ੍ਹਾਂ ਦੱਸਿਆ ਕਿ ਗਰਭਵਤੀ ਮਾਵਾਂ 'ਚ ਖੂਨ ਦੀ ਘਾਟ ਕਰਕੇ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਲਈ ਇਹ ਜਾਂਚ ਪ੍ਰਕਿਰਿਆ ਅਗਲੇ 45 ਦਿਨ ਤਕ ਇਸ ਅਭਿਆਨ ਤਹਿਤ ਜਾਰੀ ਰਹੇਗੀ ਤਾਂ ਜੋ ਗਰਭਵਤੀ ਮਾਵਾਂ ਨੂੰ ਜਣੇਪੇ ਦੌਰਾਨ ਕਿਸੇ ਕਿਸਮ ਦੀ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਗਰਭਵਤੀ ਅੌਰਤਾਂ ਨੂੰ ਇਨ੍ਹਾਂ ਕੈਂਪਾਂ 'ਚ ਸੰਤੁਲਿਤ ਭੋਜਨ, ਹਲਕੀ ਕਸਰਤ ਅਤੇ ਸਮੇਂ ਸਿਰ ਡਾਕਟਰੀ ਜਾਂਚ ਕਰਵਾਉਣ ਲਈ ਵੀ ਜਾਗਰੂਕ ਕੀਤਾ ਜਾਵੇਗਾ। ਇਨ੍ਹਾਂ ਕੈਂਪਾਂ 'ਚ ਸਿਹਤ ਵਿਭਾਗ ਦੇ ਨਾਲ-ਨਾਲ ਆਂਗਨਵਾੜੀ ਵਰਕਰ, ਸਿੱਖਿਆ ਵਿਭਾਗ, ਪੰਚਾਇਤਾਂ ਅਤੇ ਸੈਨੀਟੇਸ਼ਨ ਵਿਭਾਗ ਦੀ ਸਹਾਇਤਾ ਨਾਲ ਲਾਭਪਾਤਰੀਆਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜਾਂਚ ਕਰਨ ਤੋਂ ਬਾਅਦ ਗਰਭਵਤੀਆਂ ਤੇ ਬੱਚਿਆਂ/ਕਿਸ਼ੋਰਾਂ ਨੂੰ ਉਨ੍ਹਾਂ ਦੇ ਐਚ.ਬੀ. ਲੈਵਲ ਮੁਤਾਬਿਕ ਇਲਾਜ ਮੁਹੱਈਆ ਕਰਵਾਇਆ ਜਾਵੇਗਾ ਅਤੇ ਨਾਲ ਹੀ ਉਨ੍ਹਾਂ ਨੂੰ ਸਹੀ ਖਾਣਪਾਣ (ਪੋਸ਼ਣ) ਸਬੰਧੀ ਵੀ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਚੰਦਰ ਮੋਹਨ ਕਟਾਰੀਆ, ਜ਼ਿਲ੍ਹਾ ਮਾਸ ਮੀਡੀਆ ਅਫਸਰ ਸ਼੍ਰੀ ਅਨਿਲ ਧਾਮੂ, ਜ਼ਿਲ੍ਹਾ ਪ੍ਰਰੋਗਰਾਮ ਮੈਨੇਜਰ ਰਾਜੇਸ਼ ਕੁਮਾਰ, ਸਮੂਹ ਐਸ.ਐਮ.ਓ, ਬੀ.ਈ.ਈ. ਅਤੇ ਹੋਰ ਸਬੰਧਤ ਸਟਾਫ ਮੌਜੂਦ ਸੀ।