ਸੋਮ ਪ੍ਰਕਾਸ਼, ਜਲਾਲਾਬਾਦ : ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ 12 ਮਾਰਚ ਨੂੰ ਪਟਿਆਲੇ ਦੀ ਧਰਤੀ 'ਤੇ ਦਿੱਤੇ ਜਾ ਰਹੇ ਸੂਬਾ ਪੱਧਰੀ ਧਰਨੇ ਦੀ ਤਿਆਰੀ ਲਈ ਸ਼ਹੀਦ ਊਧਮ ਸਿੰਘ ਪਾਰਕ 'ਚ ਜ਼ਿਲ੍ਹਾ ਫਾਜ਼ਿਲਕਾ ਦੀਆਂ ਠੇਕਾ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਸਮਾਪਤ ਹੋਈ, ਜਿਸ ਵਿਚ ਮਗਨਰੇਗਾ ਕਰਮਚਾਰੀ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਅੰਮਿ੍ਤਪਾਲ ਸਿੰਘ, ਸੰਨੀ ਕੁਮਾਰ,ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਮੀਡੀਆ ਇੰਚਾਰਜ ਸਤਨਾਮ ਸਿੰਘ ਫਲੀਆਂਵਾਲਾ, ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਚੱਕ ਜਾਨੀਸਰ, ਬ੍ਾਂਚ ਪ੍ਰਧਾਨ ਗੁਰਮੀਤ ਸਿੰਘ ਆਲਮਕੇ, ਰਾਕੇਸ਼ ਸਿੰਘ, ਦਫਤਰੀ ਸਟਾਫ ਤੋਂ ਸੁਖਚੈਨ ਸਿੰਘ ਸੋਢੀ, ਪਾਵਰ ਕਾਮ ਅਤੇ ਟ੍ਾਂਸਕੋ ਠੇਕਾ ਮੁਲਾਜਮ ਤੋਂ ਅਜੇ ਕੁਮਾਰ ਫਾਜਿਲਕਾ, ਸ਼ਿਵ ਸ਼ੰਕਰ, ਪਿੰ੍ਸ ਮੱਕੜ, ਨਰਿੰਦਰ ਸਿੰਘ, ਬਲਦੇਵ ਰਾਜ ਆਦਿ ਨੇ ਹਿੱਸਾ ਲਿਆ ਅਤੇ ਮੋਰਚੇ ਵੱਲੋਂ ਉਲੀਕੇ ਗਏ ਪ੍ਰਰੋਗਰਾਮਾਂ ਦੀਆਂ ਤਿਆਰੀ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਵੱਲੋਂ 12 ਮਾਰਚ 2021 ਨੂੰ ਪਟਿਆਲਾ 'ਚ ਸੂਬਾ ਪੱਧਰੀ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ। ਜਿਸਨੂੰ ਸਫਲ ਬਣਾਉਣ ਲਈ ਅਜ ਇਥੇ ਮੀਟਿੰਗ ਕਰਕੇ ਵੱਖ ਵੱਖ ਜੱਥੇਬੰਦੀਆਂ ਦੇ ਠੇਕਾ ਮੁਲਾਜਮਾਂ ਨੂੰ ਪਰਿਵਾਰਾਂ ਸਮੇਤ ਕਾਫਲੇ ਬੰਨ ਪਟਿਆਲੇ ਪਹੁੰਚਣ ਲਈ ਲਾਮੰਦ ਕੀਤਾ ਗਿਆ, ਜਿਸਦੀ ਤਿਆਰੀ ਲਈ ਮੋਰਚੇ ਦੀ ਸਾਂਝੀ ਕਨਵੈਨਸ਼ਨ ਮਿਤੀ 28 ਫਰਵਰੀ ਨੂੰ ਸਥਾਨਕ ਸੁਤੰਤਰ ਭਵਨ ਵਿਖੇ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਕਨਵੈਨਸ਼ਨ ਵਿਚ ਮੋਰਚੇ ਦੇ ਸੂਬਾਈ ਆਗੂ ਜਗਰੂਪ ਸਿੰਘ ਲਹਿਰਾ ਅਤੇ ਗੁਰਵਿੰਦਰ ਸਿੰਘ ਪੰਨੂੰ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਹਾਕਮ ਸਰਕਾਰਾਂ ਦੀਆਂ ਮਾਰੂ ਨੀਤੀਆਂ ਬਾਰੇ ਜਾਗਰੂਕ ਕਰਕੇ ਚੱਲ ਰਹੇ ਸੰਘਰਸ਼ਾਂ ਲਈ ਲਾਮਬੰਦ ਕਰਨਗੇ।

ਆਗੂਆਂ ਨੇ ਮੰਗ ਕੀਤੀ ਗਈ ਕਿ ਸਰਕਾਰੀ ਅਦਾਰਿਆਂ ਅਤੇ ਖੇਤੀ ਕਾਰੋਬਾਰ ਦਾ ਨਿੱਜੀਕਰਣ ਬੰਦ ਕੀਤੀਆਂ ਜਾਣ, ਖੇਤੀ ਅਤੇ ਲੇਬਰ ਕਾਨੂੰਨਾਂ 'ਚ ਕੀਤੀਆਂ ਤਬਾਹਕੁੰਨ ਤਬਦੀਲੀਆਂ ਰੱਦ ਕੀਤੀਆਂ ਜਾਣ, ਸਮੂਹ ਵਿਭਾਗਾਂ 'ਚ ਕੰਮ ਕਰਦੇ ਆਊਟਸੋਰਸਿੰਗ,ਇਨਲਿਸਟਮੈਂਟ, ਠੇਕੇਦਾਰਾਂ,ਕੰਪਨੀਆਂ, ਸੁਸਾਇਟੀਆਂ, ਕੰਟਰੈਕਚੂਅਲ, ਵਰਕਚਾਰਜਡ, ਡੇਲੀਵੇਜ, ਆਡਹਾਕ, ਮਾਣਭੱਤਿਆਂ ਰਾਹੀ ਲੱਗੇ ਠੇਕਾ ਮੁਲਾਜਮਾਂ ਨੂੰ ਪਿੱਤਰੀ ਵਿਭਾਗਾਂ 'ਚ ਲਿਆ ਕੇ ਬਿਨਾ ਸ਼ਰਤ ਰੈਗੂਲਰ ਕੀਤਾ ਜਾਵੇ, ਆਹਲੂਵਾਲੀਆਂ ਕਮੇਟੀ ਦੀਆਂ ਸਾਰੀਆਂ ਸਿਫਾਰਸ਼ਾਂ ਰੱਦ ਕੀਤੀਆਂ ਜਾਣ, ਬਿਜਲੀ ਐਕਟ 2003 ਅਤੇ 2020 ਰੱਦ ਕੀਤਾ ਜਾਵੇ, ਠੇਕਾ ਕਾਮਿਆਂ ਦੀ 3 ਸਾਲ, 5 ਸਾਲ ਅਤੇ 10 ਸਾਲਾਂ ਸੇਵਾ ਉਪਰੰਤ ਉਤਮ ਅਹੁਦੇ ਦਾ ਤਨਖਾਹ ਸਕੇਲ ਦਿੱਤਾ ਜਾਵੇ, ਸਭ ਲਈ ਸਸਤਾ ਰਾਸ਼ਨ, ਸਸਤੀ ਵਿੱਦਿਆ,ਸਸਤੀਆਂ ਸੇਹਤ ਸਹੂਲਤਾਂ ਅਤੇ ਪੱਕੇ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ, ਠੇਕਾ ਕਾਮਿਆਂ ਦੀ ਜਬਰੀ ਛਾਂਟੀ ਬੰਦ ਕਰਕੇ ਕੱਢੇ ਕਾਮੇ ਬਹਾਲ ਕੀਤੇ ਜਾਣ, ਠੇਕਾ ਮੁਲਾਜਮਾਂ ਦੀਆਂ ਮਹੀਨਾਵਾਰ ਤਨਖਾਹਾਂ, ਈ.ਪੀ.ਐਫ. ਅਤੇ ਈ.ਐਸ.ਆਈ.ਈ. ਕਟੌਤੀ ਦੇ ਮਹੀਨਾਵਾਰ ਵੇਰਵੇ ਜਾਰੀ ਕੀਤੀਆਂ ਜਾਣ। ਅੰਤ ਵਿਚ ਆਗੂਆਂ ਨੇ ਉਪਰੋਕਤ ਮੰਗਾਂ ਦਾ ਨਿਪਟਾਰਾ ਕਰਵਾਉਣ ਲਈ ਸਮੂਹ ਵਿਭਾਗਾਂ ਦੇ ਠੇਕਾ ਮੁਲਾਜਮਾਂ ਨੂੰ ਇਕੋ ਮੰਚ 'ਤੇ ਇਕੱਠੇ ਹੋ ਕੇ ਸੰਘਰਸ਼ਾਂ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ।