ਗੌਰਵ ਗੌੜ ਜੌਲੀ, ਜ਼ੀਰਾ : ਭਾਜਪਾ ਦੇ ਮੁਅੱਤਲ ਨੇਤਾ ਨੂਪੁਰ ਸ਼ਰਮਾ ਦੇ ਬਿਆਨ ਤੋਂ ਪੈਦਾ ਹੋਏ ਵਿਵਾਦ ਦੇ ਚਲਦੇ ਰਾਜਸਥਾਨ ਦੇ ਉਦੈਪੁਰ ਮਾਲਦਾਸ ਸਟਰੀਟ ਵਿਖੇ ਦਿਨ-ਦਿਹਾੜੇ ਇਕ ਟੇਲਰ ਕਨ੍ਹੱਈਆ ਲਾਲ ਸਾਹੂ ਦੀ ਤੇਜ਼ਧਾਰ ਹਥਿਆਰਾਂ ਨਾਲ ਗਰਦਨ ਕੱਟ ਦਿੱਤੀ ਗਈ। ਕਾਤਲਾਂ ਵੱਲੋਂ ਤਾਲਿਬਾਨੀ ਅੰਦਾਜ਼ ਵਿਚ ਇਸ ਹੱਤਿਆਕਾਂਡ ਦਾ ਸੋਸ਼ਲ ਮੀਡੀਆ ਤੇ ਵੀਡੀਓ ਜਾਰੀ ਕੀਤਾ ਅਤੇ ਹਥਿਆਰਾਂ ਨਾਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਜਾਰੀ ਕਰਕੇ ਰਾਜਸਥਾਨ ਸਰਕਾਰ ਦੀ ਕਾਨੂੰਨ ਵਿਵਸਥਾ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਜ਼ਿਕਰ ਵੀਡੀਓ ਵਿਚ ਕੀਤਾ ਤੇ ਨੂਪੁਰ ਸ਼ਰਮਾ ਲਈ ਵੀ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਗਈ, ਜਿਸ ਨਾਲ ਜਿਥੇ ਰਾਜਾਸਥਾਨ ਵਿਚ ਲੋਕਾਂ ਵਿਚ ਗੁੱਸੇ ਦੀ ਲਹਿਰ ਹੈ, ਉਥੇ ਹੀ ਪੰਜਾਬ ਦੇ ਲੋਕਾਂ ਵਿਚ ਗੁੱਸਾ ਦਿਖਾਈ ਦੇ ਰਿਹਾ ਹੈ। ਇਸ ਹੱਤਿਆ ਕਾਂਡ ਨੂੰ ਲੈ ਕੇ 'ਪੰਜਾਬੀ ਜਾਗਰਣ' ਵੱਲੋਂ ਜ਼ੀਰਾ ਦੇ ਲੋਕਾਂ ਦੇ ਵਿਚਾਰ ਲਏ ਗਏ।

'ਪੁਲਿਸ ਨੂੰ ਜੜ੍ਹ ਤਕ ਪਹੁੰਚਣਾ ਚਾਹੀਦੈ'

ਰਾਜਸਥਾਨ ਦੇ ਉਦੈਪੁਰ ਵਿਖੇ ਬਹੁਚਰਚਿਤ ਹੱਤਿਆਕਾਂਡ ਕਨ੍ਹੱਈਆ ਲਾਲ ਸਾਹੂ ਦੀ ਹੱਤਿਆ ਕਰਨ ਵਾਲੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਦੋਸ਼ੀ ਭਾਵੇਂ ਕਿਸੇ ਵੀ ਸਮਾਜ ਦਾ ਹੋਵੇ ਪਰ ਉਹ ਅਪਰਾਧੀ ਹੀ ਹੁੰਦਾ ਹੈ। ਇਸ ਘਟਨਾ 'ਤੇ ਅਫ਼ਸੋਸ ਪ੍ਰਗਟ ਕਰਦਿਆਂ ਭਾਜਪਾ ਆਗੂ ਅਵਤਾਰ ਸਿੰਘ ਜ਼ੀਰਾ ਨੇ ਕਿਹਾ ਕਿ ਇਸ ਘਟਨਾ 'ਚ ਪੁਲਿਸ ਨੂੰ ਜੜ੍ਹ ਤਕ ਪਹੁੰਚਣਾ ਚਾਹੀਦਾ ਹੈ। ਜਿਸ ਦਾ ਵੀ ਇਸ ਹੱਤਿਆਕਾਂਡ ਵਿਚ ਹੱਥ ਹੋਵੇ ਉਸਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਇਸ ਪੂਰੀ ਘਟਨਾ ਪਿੱਛੇ ਪੁਲਿਸ ਅਤੇ ਖੁਫ਼ੀਆ ਤੰਤਰ ਦਾ ਪੂਰਾ ਨੈੱਟਵਰਕ ਫੇਲ੍ਹ ਸਾਬਤ ਹੋਇਆ ਹੈ। ਇਸ ਮਾਮਲੇ ਵਿਚ ਪੁਲਿਸ ਅਤੇ ਖ਼ੁਫ਼ੀਆ ਤੰਤਰ ਦੇ ਲਾਪ੍ਰਵਾਹ ਅਧਿਕਾਰੀ ਅਤੇ ਕਰਮਚਾਰੀਆਂ 'ਤੇ ਬਣਦੀ ਵਿਭਾਗੀ ਕਾਰਵਾਈ ਕਰਨੀ ਚਾਹੀਦੀ ਹੈ।

ਅਵਤਾਰ ਸਿੰਘ ਜ਼ੀਰਾ

ਸੀਨੀਅਰ ਭਾਜਪਾ ਆਗੂ, ਜ਼ੀਰਾ

'ਦੇਸ਼ ਦਾ ਕਾਨੂੰਨ ਅਤੇ ਸੰਵਿਧਾਨ ਮੰਨਣਾ ਚਾਹੀਦੈ'

ਰਾਜਸਥਾਨ ਦੀ ਸਰਕਾਰ ਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਭਾਜਪਾ ਦੇ ਮੰਡਲ ਪ੍ਰਧਾਨ ਵਿੱਕੀ ਸੂਦ ਨੇ ਕਿਹਾ ਕਿ ਜਿਹਾਦੀ ਅਤੇ ਤਾਲਿਬਾਨੀ ਸੁਭਾਅ ਦੇ ਲੋਕ ਵੀਡੀਓ ਬਣਾ ਕੇ ਵਾਇਰਲ ਕਰ ਰਹੇ ਹਨ। ਇਹ ਈਰਖਾ ਦੀ ਭਾਵਨਾ ਹੈ। ਜੇਕਰ ਜਾਂਚ ਹੋਵੇ ਤਾਂ ਵੱਡਾ ਸਕੈਂਡਲ ਨਿਕਲ ਕੇ ਸਾਹਮਣੇ ਆਵੇਗਾ, ਜੋ ਦੇਸ਼ ਵਿਚ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਿੰਦੂ ਹੋਵੇ ਜਾਂ ਮੁਸਲਿਮ ਕਿਸੇ ਵੀ ਮਜ਼੍ਹਬ ਦੇ ਲੋਕ ਹੋਣ ਸਭ ਨੂੰ ਦੇਸ਼ ਦਾ ਕਾਨੂੰਨ ਅਤੇ ਸੰਵਿਧਾਨ ਮੰਨਣਾ ਚਾਹੀਦਾ ਹੈ।

'ਅਪਰਾਧੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ'

ਇਸ ਮਾਮਲੇ ਵਿਚ ਫਾਸਟ ਟਰੈਕ ਵਿਚ ਇਕ ਹਫ਼ਤੇ ਦੇ ਅੰਦਰ ਸੁਣਵਾਈ ਕਰਕੇ ਇਨ੍ਹਾਂ ਦੋਸ਼ੀਆਂ ਦੀ ਸਜ਼ਾ ਮੁਕੱਰਰ ਹੋਵੇ। ਹੈਲਪਿੰਗ ਹੈਂਡ ਵੈੱਲਫੇਅਰ ਸੁਸਾਇਟੀ ਦੇ ਮੈਂਬਰ ਪਿ੍ਰੰਸ ਘੁਰਕੀ ਨੇ ਕਿਹਾ ਕਿ ਇਸ ਤਰਾਂ੍ਹ ਦਿਨ ਦਿਹਾੜੇ ਘਟਨਾ ਹੋਣਾ ਪੁਲਿਸ ਸਿਸਟਮ ਦੇ ਅਸਫਲ ਹੋਣ ਦੇ ਉਦਾਹਰਨ ਹਨ, ਜੋ ਅਪਰਾਧੀ ਹੈ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਭਵਿੱਖ ਵਿਚ ਦੁਬਾਰਾ ਹੋ ਗਲਤੀ ਨਾ ਕਰਨ।

'ਅਜਿਹੇ ਮਾਮਲੇ 'ਚ ਸਿਆਸਤ ਨਹੀਂ ਹੋਣੀ ਚਾਹੀਦੀ'

ਸ਼ੈਲਰ ਐਸੋਸੀਏਸ਼ਨ ਪੰਜਾਬ ਦੇ ਜੁਆਇੰਟ ਸਕੱਤਰ ਸੁਮਿਤ ਨਰੂਲਾ ਨੇ ਕਿਹਾ ਕਿ ਅਜਿਹੇ ਅਪਰਾਧ ਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ। ਇਸ ਹੱਤਿਆ ਕਾਂਡ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਜਿਹੇ ਮਾਮਲੇ ਵਿਚ ਬਿਲਕੁਲ ਰਾਜਨੀਤੀ ਨਹੀਂ ਹੋਣੀ ਚਾਹੀਦੀ ਹੈ। ਸਾਰੀਆਂ ਪਾਰਟੀਆਂ ਨੂੰ ਇਕਜੁੱਟ ਹੋ ਕੇ ਅਤਿਵਾਦ ਦੇ ਖ਼ਲਿਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਜੋ ਵਿਅਕਤੀ ਵੀਡੀਓ ਵਾਇਰਲ ਕਰਕੇ ਪੀਐਮ ਨੂੰ ਧਮਕੀ ਦੇ ਸਕਦੇ ਹਨ ਉਹ ਭਾਰਤ ਦੀ ਸ਼ਾਂਤੀ ਭੰਗ ਕਰ ਸਕਦੇ ਹਨ ।

'ਆਪਸ 'ਚ ਪੇ੍ਮ ਨਾਲ ਰਹਿਣਾ ਚਾਹੀਦੈ'

ਸ੍ਰੀ ਰਾਮ ਲੀਲਾ ਕਲੱਬ ਦੇ ਡਾਇਰੈਕਟਰ ਲੱਕੀ ਪਾਸੀ ਨੇ ਕਿਹਾ ਕਿ ਇਸ ਹੱਤਿਆ ਕਾਂਡ ਦੀ ਘਟਨਾ ਬਹੁਤ ਹੀ ਦੁਖਦਾਈ ਹੈ ਜੋ ਇਨਸਾਨੀਅਤ ਦੇ ਲਈ ਠੀਕ ਨਹੀਂ ਹੈ। ਜਿਸ ਦੀ ਨਿੰਦਾ ਕਰਦੇ ਹਾਂ ਸਾਨੂੰ ਆਪਸ ਵਿੱਚ ਪੇ੍ਮ ਅਤੇ ਸ਼ਾਂਤੀ ਨਾਲ ਰਹਿਣਾ ਚਾਹੀਦਾ ਹੈ ਆਪਸ ਵਿੱਚ ਮਿਲਜੁਲ ਕੇ ਰਹੋ ਆਪਸ ਵਿੱਚ ਕਿਸੇ ਵੀ ਤਰਾਂ੍ਹ ਦੀ ਕੜਵਾਹਟ ਨਹੀਂ ਹੋਣੀ ਚਾਹੀਦੀ ਜਿਸ ਨੇ ਇਹ ਅਪਰਾਧ ਕੀਤਾ ਹੈ ਉਸ ਨੂੰ ਕਾਨੂੰਨ ਸਖ਼ਤ ਤੋਂ ਸਖ਼ਤ ਸਜ਼ਾ ਦੇਵੇ ।

'ਹਿੰਸਾ ਕਿਸੇ ਮਸਲੇ ਦਾ ਹੱਲ ਨਹੀਂ'

ਸਮਾਜ ਸੇਵੀ ਬਿੱਟੂ ਵਿਜ ਨੇ ਕਿਹਾ ਕਿ ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਪੂਰੇ ਮੁਲਕ ਨੇ ਵੇਖੀ ਹੈ। ਕਿਸੇ ਨੂੰ ਵੀ ਕਾਨੂੰਨ ਨੂੰ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਹੈ ।ਗਲਤ ਨੂੰ ਗਲਤ ਕਹਿਣਾ ਚਾਹੀਦਾ ਹੈ ਚਾਹੇ ਗਲਤੀ ਕਰਨ ਵਾਲਾ ਕਿਸੇ ਵੀ ਧਰਮ ਨਾਲ ਸਬੰਧ ਰੱਖਦਾ ਹੋਵੇ। ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਹਿੰਸਾ ਕਿਸੇ ਮਸਲੇ ਦਾ ਹੱਲ ਨਹੀਂ, ਇਹ ਨਫ਼ਰਤ ਹੀ ਪੈਦਾ ਕਰਦੀ ਹੈ ।

'ਅੱਤਵਾਦ ਦਾ ਕੋਈ ਧਰਮ ਨਹੀਂ'

ਐਡਵੋਕੇਟ ਤਰੁਣ ਝੱਟਾ ਨੇ ਕਿਹਾ ਕਿ ਕਨ੍ਹੱਈਆ ਲਾਲ ਸਾਹੂ ਹੱਤਿਆਕਾਂਡ ਵਿਚ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ। ਦੋਸ਼ੀਆਂ ਵਿਰੁੱਧ ਰਾਸ਼ਟਰ ਦਰੋਂ, ਆਰਮਜ਼ ਐਕਟ ਅਤੇ ਨੈਸ਼ਨਲ ਸਕਿਓਰਿਟੀ ਦੀ ਧਾਰਾ ਲਗਾਈ ਜਾਵੇ ਤਾਂ ਜੋ ਇਸ ਵਿੱਚ ਸ਼ਾਮਲ ਕੋਈ ਵੀ ਮੁਲਜ਼ਮ ਬਚ ਨਾ ਸਕੇ। ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਲਈ ਪੁਲਿਸ ਨੂੰ ਕਾਨੂੰਨੀ ਮਾਹਿਰਾਂ ਦੀ ਰਾਏ ਲੈ ਲੈਣੀ ਚਾਹੀਦੀ ਹੈ।