ਪਰਮਿੰਦਰ ਸਿੰਘ ਥਿੰਦ,ਫਿਰੋਜ਼ਪੁਰ; ਪੰਜਾਬ ਅਤੇ ਦੇਸ਼ ਵਿਚ ਜਦੋਂ ਕਿਤੇ ਸਿਰ ਵਾਰਨ ਦੀ ਲੋੜ ਪਈ ਹੈ ਤਾਂ ਇਹ ਕੁਰਬਾਨੀਆਂ ਜ਼ਿਆਦਾਤਰ ਪੰਜਾਬੀਆਂ ਦੇ ਹਿੱਸੇ ਹੀ ਆਈਆਂ ਹਨ। ਮੁਗਲਾਂ ਦੇ ਸਮੇਂ ਤੋਂ ਲੈ ਕੇ ਅੰਗਰੇਜ਼ਾਂ ਨਾਲ ਆਢ੍ਹਾ ਲੈਣ ਤੱਕ ਪੰਜਾਬੀਆਂ ਦਾ ਯੋਗਦਾਨ ਇਤਿਹਾਸ ਵਿਚ ਸੁਨਹਿਰੇ ਅੱਖਰਾਂ ਵਿਚ ਆਉਂਦਾ ਹੈ। ਉਸ ਤੋਂ ਬਾਅਦ ਵੀ ਜਦੋਂ ਦੇਸ਼ ਨੂੰ ਲੋੜ ਪਈ ਤਾਂ ਪੰਜਾਬੀ ਕਦੇ ਪਿੱਛੇ ਨਹੀਂ ਹੋਏ।

ਦੇਸ਼ ਦੀਆਂ ਸਰਹੱਦਾਂ ਤੋਂ ਲੈ ਕੇ 24 ਘੰਟੇ ਡਿਊਟੀ ਦੇਣ ਵਾਲੇ ਪੁਲਿਸ ਮੁਲਾਜ਼ਮਾਂ ਤੱਕ ਪੰਜਾਬੀਆਂ ਵੱਲੋਂ ਹਰ ਜਿੰਮੇਵਾਰੀ , ਹਰ ਫਰਜ਼ ਨੂੰ ਖਿੜੇ ਮੱਥੇ ਨਿਭਾਇਆ ਹੈ। ਹਰ ਸਾਲ ਜਦੋਂ ਵੀ 21 ਅਕਤੂਬਰ ਦਾ ਦਿਹਾੜਾ ਆਉਂਦਾ ਹੈ ਤਾਂ ਇਸ ਦਿਹਾੜੇ ਨੂੰ ਕੌਮੀ ਪੁਲਿਸ ਯਾਦਗਾਰੀ ਦਿਵਸ ਵਜ਼ੋਂ ਮਨਾਇਆ ਜਾਂਦਾ ਹੈ। ਇਸ ਦਿਨ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਂਦੀਆਂ ਹਨ,ਜਿੰਨ੍ਹਾਂ ਦੇਸ਼ ਦੀ ਏਕਤਾ ,ਆਖੰਡਤਾ ਅਤੇ ਸ਼ਾਂਤੀ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ।

ਇਸ ਦਿਨ ਸੂਬੇ ਭਰ ਵਿਚ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਜ਼ਿਲ੍ਹਾ ਪੱਧਰੀ ਸਮਾਗਮ ਕਰਵਾ ਕੇ ਹਰ ਸਾਲ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਸ ਸਬੰਧੀ ਫਿਰੋਜ਼ਪੁਰ ਦੇ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਜੇਠ ਹਾੜ ਦੀਆਂ ਗਰਮ ਧੁੱਪਾਂ ਹੋਣ ਜਾਂ ਪੋਹ ਮਾਘ ਦੀਆਂ ਠੰਡੀਆਂ ਬਰਫੀਲੀਆਂ ਰਾਤਾਂ ,ਜਦੋਂ ਵੀ ਕਿਤੇ ਰਾਤ ਨੂੰ ਕੋਈ ਚੌਂਕਾਂ ਵਿਚ ਜਾਂ ਸੜਕਾ 'ਤੇ ਖੜਾ ਡਿਊਟੀ ਕਰਦਾ ਨਜ਼ਰ ਆਏਗਾ ਤਾਂ ਸਮਝ ਲਿÀ ,ਉਸ ਦੇ ਜਰੂਰ ਖਾਕੀ ਵਰਦੀ ਪਾਈ ਹੋਵੇਗੀ। ਉਹ ਜਰੂਰ ਪੰਜਾਬ ਪੁਲਿਸ ਦਾ ਮੁਲਾਜ਼ਮ ਹੋਵੇਗਾ। ਇਹ ਪੁਲਿਸ ਮੁਲਾਜ਼ਮ ਹੀ ਹਨ ਜੋ 24 ਘੰਟੇ ਹਰ ਵੇਲੇ ਡਿਊਟੀ ਲਈ ਤਿਆਰ ਰਹਿੰਦੇ ਹਨ ਤਾਂ ਜੋ ਆਮ ਸ਼ਹਿਰੀ ਆਪਣੇ ਘਰਾਂ ਵਿਚ ਸੁੱਖ ਸ਼ਾਂਤੀ ਨਾਲ ਰਹਿ ਸੱਕਣ। ਕਈ ਵਾਰ ਤਾਂ ਪੁਲਿਸ ਮੁਲਾਜ਼ਮਾਂ ਨੂੰ ਕਈ ਕਈ ਦਿਨ ਆਪਣੇ ਘਰ ਜਾਣਾ ਵੀ ਨਸੀਬ ਨਹੀਂ ਹੁੰਦਾ।

ਜ਼ਿਲ੍ਹਾ ਪੁਲਿਸ ਮੁਖੀ ਨੇ ਆਖਿਆ ਕਿ ਕੌਮੀ ਪੁਲਿਸ ਯਾਦਗਾਰੀ ਦਿਵਸ ਉਨ੍ਹਾਂ ਮਹਾਨ ਸ਼ਹੀਦਾਂ ਦੀ ਯਾਦ ਵਿਚ ਮਨਾਇਆ ਜਾਂਦਾ ਹੈ,ਜਿੰਨ੍ਹਾਂ ਨੇ ਦੇਸ਼ ਦੀ ਸ਼ਾਂਤੀ, ਏਕਤਾ ,ਆਖੰਡਤਾ ਅਤੇ ਸ਼ਾਨ ਦੇ ਲਈ ਸੱਭ ਤੋਂ ਵੱਡੀ ਕੁਰਬਾਨੀ ਆਪਣੀਆਂ ਜਿੰਦਗੀਆਂ ਦੇਸ਼ ਤੋਂ ਵਾਰ ਦਿੱਤੀਆਂ। ਉਨ੍ਹਾਂ ਮਹਾਨ ਸ਼ਹੀਦਾਂ ਦੀ ਬਦੌਲਤ ਹੀ ਅਸੀ ਅੱਜ ਅਜ਼ਾਦ ਫਿਜ਼ਾ ਵਿਚ ਸ਼ਾਂਤੀ ਅਤੇ ਸੁੱਖ ਦਾ ਸਾਹ ਲੈ ਰਹੇ ਹਾਂ।

ਉਨ੍ਹਾਂ ਵੱਲੋਂ ਆਪਣੀ ਡਿਊਟੀ ਨਿਭਾਉਂਦਿਆਂ ਵਿਖਾਈ ਬਹਾਦੁਰੀ,ਜਜ਼ਬੇ ਅਤੇ ਜਾਂਬਾਜ਼ੀ ਦੀ ਇਹ ਲਾਸਾਨੀ ਮਿਸਾਲ ਸਾਨੂੰ ਉਨ੍ਹਾਂ ਸਾਹਮਣੇ ਸਿਜ਼ਦਾ ਕਰਨ ਲਈ ਹੀ ਪ੍ਰੇਰਿਤ ਨਹੀਂ ਕਰਦੀ ਸਗੋਂ ਜੋ ਵੀ ਫਰਜ ਅਸੀ ਆਪਣੀ ਕੌਮ ਅਤੇ ਦੇਸ਼ ਦੀ ਸੇਵਾ ਵਿਚ ਨਿਭਾ ਰਹੇ ਹਾਂ ਉਸ ਵਿਚ ਮਾਣ ਮਹਿਸੂਸ ਕਰਨ ਲਈ ਵੀ ਪ੍ਰੇਰਿਤ ਕਰਦੀ ਹੈ। ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਪੁਲਿਸ ਬਲਾਂ ਦੇ ਬਹਾਦੁਰਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਅਤੇ ਜੀਵਨ ਵਿਚ ਉਚੇ ਟੀਚੇ ਨਿਰਧਾਰਿਤ ਕਰਨੇ ਚਾਹੀਦੇ ਹਨ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇਸ ਵਾਰ ਇਕ ਦਿਨ ਪਹਿਲੋਂ ਜ਼ਿਲ੍ਹਾ ਭਰ ਵਿਚ ਪੁਲਿਸ ਅਧਿਕਾਰੀ ਸ਼ਹੀਦ ਪਰਿਵਾਰਾਂ ਦੇ ਘਰਾਂ ਵਿਚ ਜਾ ਕੇ ਉਨ੍ਹਾਂ ਨੂੰ ਸਨਮਾਨਿਤ ਕਰਕੇ ਆਏ ਹਨ।

Posted By: Jagjit Singh