ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ: ਫੈਕਟਰੀ ਕੋਲ ਲਾਇਸੰਸ ਈਥਨੋਲ ਬਣਾਉਣ ਦਾ ਹੈ,ਪਰ ਇਸ ਦੇ ਕਾਰੋਬਾਰ 'ਚ

ਪੋਟਾਸ਼ੀਅਮ ਸਾਈਨਾਈਡ ਵਰਗੇ ਖਤਰਨਾਕ ਕੈਮੀਕਲਾਂ ਦੀ ਵਿਕਰੀ ਵੀ ਹੁੰਦੀ ਹੈ । ਇਸ ਤਰ੍ਹਾਂ ਮਲਬਰੋਜ਼ ਫੈਕਟਰੀ ਕੁਝ ਜ਼ਹਿਰੀਲੇ ਰਸਾਇਣਾਂ ਦੀ ਵਿਕਰੀ ਦੇ ਜੋ ਇਸ਼ਤਿਹਾਰ ਦਿੰਦੀ ਰਹੀ, ਉਨ੍ਹਾਂ ਦਾ ਸਰਕਾਰੀ ਲਾਇਸੰਸ ਵੀ ਉਨ੍ਹਾਂ ਨਹੀਂ ਲਿਆ ਹੋਇਆ। ਇਸ ਸਬੰਧੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਤਾਂ ਫੈਕਟਰੀ ਮਾਲਕਾਂ ਦੇ ਖਿਲਾਫ ਕਈ ਤਰ੍ਹਾਂ ਦੀਆਂ ਹੋਰ ਬੇਨਿਯਮਿਆਂ ਸਾਹਮਣੇ ਆ ਸਕਦੀਆਂ ਹਨ।ਇਹ ਸਨਸਨੀਖੇਜ਼ ਖੁਲਾਸਾ ਜਮਹੂਰੀ ਅਧਿਕਾਰ ਸਭਾ ਵੱਲੋਂ ਮਾਲਬਰੋਜ਼ ਸ਼ਰਾਬ ਫੈਕਟਰੀ ਦੇ ਪ੍ਦੂਸ਼ਣ ' ਤੇ ਤਿਆਰ ਕੀਤੀ ਗਈ ਇਕ ਰਿਪੋਰਟ ਤੋਂ ਸਾਹਮਣੇ ਆਇਆ ਹੈ। ਸ਼ੁਕਰਵਾਰ ਨੂੰ ਫ਼ਿਰੋਜਪੁਰ ਵਿਖੇ ਕੀਤੀ ਇਕ ਪ੍ਰੈਸ ਕਾਨਫਰੰਸ ਦੌਰਾਨ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਧਾਨ ਪੋ੍ ਜਗਮੋਹਨ ਸਿੰਘ ਤੇ ਜਨਰਲ ਸਕੱਤਰ ਪਿ੍ਤਪਾਲ ਸਿੰਘ ਨੇ ਫ਼ਿਰੋਜ਼ਪੁਰ ਦੇ ਲੇਖਕਾਂ ਪ੍ਰੋ.ਗੁਰਤੇਜ ਕੋਹਾਰਵਾਲਾ , ਮੇਘ ਰਾਜ ਰੱਲਾ ਅਤੇ ਹਰਮੀਤ ਵਿਦਿਆਰਥੀ ਦੀ ਹਾਜ਼ਰੀ ਵਿੱਚ ਸਭਾ ਦੀ 14 ਮੈਂਬਰੀ ਤੱਥ-ਖੋਜ ਟੀਮ ਵੱਲੋਂ ਤਿਆਰ ਇਹ ਰਿਪੋਰਟ ਰਿਲੀਜ਼ ਕੀਤੀ ।

ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪ੍ਰੋਫੈਸਰ ਜਗਮੋਹਣ ਨੇ ਆਖਿਆ ਕਿ ਜ਼ੀਰਾ ਇਲਾਕੇ ਦੀ ਮਾਲਬਰੋਜ਼ ਇੰਟਰਨੈਸ਼ਨਲ ਸ਼ਰਾਬ ਤੇ ਕੈਮੀਕਲ ਫੈਕਟਰੀ ਕਰੀਬ 50 ਪਿੰਡਾਂ ਦੇ ਜਲ,ਪਾਣੀ,ਜ਼ਮੀਨ,ਹਵਾ,ਪਸ਼ੂ ਪੰਛੀਆਂ,ਮਨੁੱਖੀ ਹੋਂਦ ਤੇ ਵਾਤਾਵਰਨ ਨੂੰ ਬੇਹੱਦ ਮਾੜੇ ਰੁੱਖ ਪ੍ਭਾਵਿਤ ਕਰ ਰਹੀ ਹੈ। ਜਿਸ ਕਰਕੇ ਬੰਦ ਕੀਤੀ ਗਈ ਇਸ ਫੈਕਟਰੀ ਦੇ ਮਾਲਕਾਂ ਦੇ ਸਮੁੱਚੇ ਕਾਰੋਬਾਰ ਦੀ ਬਰੀਕੀ ਤੇ ਡੂੰਘਾਈ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ । ਫੈਕਟਰੀ ਵਲੋਂ ਹੁਣ ਤੱਕ ਇਲਾਕੇ ਦੀ ਆਬੋ-ਹਵਾ, ਪਾਣੀ,ਮਨੁੱਖਾਂ,ਪਸ਼ੂਆਂ ਤੇ ਫਸਲਾਂ ਦੇ ਕੀਤੇ ਨੁਕਸਾਨ ਦੀ ਭਰਵੀਂ ਪੜਤਾਲ ਕਿਸੇ ਸੇਵਾ ਮੁਕਤ ਹਾਈਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਕੀਤੀ ਜਾਵੇ ਅਤੇ ਇਸ ਨੁਕਸਾਨ ਦੀ ਭਰਪਾਈ ਫੈਕਟਰੀ ਮਾਲਕਾਂ ਤੋਂ ਕੀਤੀ ਜਾਵੇ।

ਰਿਪੋਰਟ ਰਿਲੀਜ਼ ਕਰਦਿਆਂ ਬੁੱਧੀਜੀਵੀਆਂ ਨੇ ਮੰਗ ਕੀਤੀ ਕਿ ਪੰਜਾਬ ਭਰ ਵਿੱਚ ਸਨਅਤਾਂ ਵਲੋਂ ਫੈਲਾਏ ਜਾਂਦੇ ਪ੍ਦੂਸ਼ਣ ਦਾ ਪਤਾ ਲਾ ਕੇ ਪ੍ਦੂਸ਼ਣ ਦੇ ਜਿੰਮੇਵਾਰ ਸਨਅਤਕਾਰਾਂ ਤੋਂ ਨਾ ਸਿਰਫ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ ਬਲਕਿ ਇਨਾਂ ਸਨਅਤਾਂ ਨੂੰ ਬੰਦ ਕਰਕੇ ਪ੍ਦੂਸ਼ਣ ਕੰਟਰੋਲ 'ਚ ਅਣਗਹਿਲੀ ਤੇ ਮਿਲੀਭੁਗਤ ਵਾਲੇ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਇਸ ਤਰ੍ਹਾਂ ਬੇਰੁਜ਼ਗਾਰ ਹੋਣ ਵਾਲਿਆਂ ਲਈ ਢੁਕਵੇਂ ਰੁਜ਼ਗਾਰ ਦਾ ਪ੍ਬੰਧ ਕੀਤਾ ਜਾਵੇ।

ਕਿਵੇਂ ਤਿਆਰ ਕੀਤੀ ਤੱਥ ਖੋਜ ਕਮੇਟੀ ਨੇ ਇਹ ਰਿਪੋਰਟ

ਕਮੇਟੀ ਨੇ ਇਲਾਕੇ ਦੇ ਵੱਖ ਵੱਖ ਪਿੰਡਾਂ ਦੇ ਵਸਨੀਕਾਂ,ਪ੍ਦੂਸ਼ਣ ਖਿਲਾਫ ਸੰਘਰਸ਼ਸ਼ੀਲ ਸਾਝਾਂ ਮੋਰਚਾ ਦੇ ਆਗੂਆਂ,ਵੱਖ ਵੱਖ ਬੀਮਾਰੀਆਂ ਦੇ ਮਰੀਜਾਂ ਦੇ ਵਿਚਾਰ ਸੁਣੇ ਤੇ ਫੈਕਟਰੀ ਦੇ ਆਲੇ ਦੁਆਲੇ ਦੇ ਖੇਤਾਂ,ਪਾਣੀ ਦੇ ਬੋਰਾਂ,ਬੰਦ ਪਈ ਸਹਿਕਾਰੀ ਖੰਡ ਮਿੱਲ ਦਾ ਜਾਇਜਾ ਲਿਆ,ਪ੍ਦੂਸ਼ਣ ਬਾਰੇ ਮਿਲੀਆਂ ਵੱਖ ਵੱਖ ਰਿਪੋਰਟਾਂ ਤੇ ਦਸਤਾਵੇਜ਼ਾਂ ਦਾ ਨਿਰੀਖਣ ਕੀਤਾ ਤੇ ਮਾਹਰਾਂ ਦੇ ਇਸ ਵਿਸ਼ੇ ਬਾਰੇ ਬਿਆਨ ਪੜ੍ਹੇ। ਇਸ ਤੋਂ ਇਲਾਵਾ ਫੈਕਟਰੀ ਦੀ ਵੈੱਬਸਾਈਟ ਤੋਂ ਵੀ ਕੁੱਝ ਜਾਣਕਾਰੀਆਂ ਹਾਸਲ ਕੀਤੀਆਂ।

ਨਿਰਪੱਖ ਜਾਂਚ ਮਿਆਰੀ ਲਬਾਟਰੀ ਤੋਂ ਕਰਵਾਈ ਜਾਵੇ

ਕਮੇਟੀ ਨੇ ਜਿਥੇ ਜੁਲਾਈ ਮਹੀਨੇ ਤੋਂ ਪ੍ਦੂਸ਼ਣ ਖਿਲਾਫ ਸੰਘਰਸ਼ ਕਰ ਰਹੇ 50 ਪਿੰਡਾਂ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ,ਉਥੇ ਪ੍ਸ਼ਾਸਨ ਤੋ ਮੰਗ ਕੀਤੀ ਹੈ ਕਿ ਅੰਦੋਲਨ ਨੂੰ ਜਬਰੀ ਦਬਾਉਣ ਦੀ ਪਹੁੰਚ ਤਿਆਗ ਕੇ ਲੋਕਾਂ ਦੇ ਸੁਆਲਾਂ ਤੇ ਸਮਸਿਆਵਾਂ ਨੂੰ ਗੰਭੀਰਤਾ ਨਾਲ ਲਿਆ ਜਾਵੇ। ਸਭਾ ਦੀ ਕਮੇਟੀ ਨੇ ਬੰਦ ਕੀਤੀ ਗਈ ਫੈਕਟਰੀ ਦੇ ਹੁਣ ਤੱਕ ਅਰਸੇ ਦੌਰਾਨ ਫੈਕਟਰੀ ਦੇ ਬੇਰੋਕ ਟੋਕ ਚਲਣ ਨਾਲ ਹੋਏ ਵਾਤਾਵਰਣ ਦੇ ਨੁਕਸਾਨ ਨੂੰ ਅੰਗਣ ਲਈ ਉਚ ਪੱਧਰੀ ਜਾਂਚ ਵਿਗਿਆਨਕ ਤਰੀਕੇ ਨਾਲ ਕਰਵਾਈ ਜਾਵੇ। ਪਿੰਡਾਂ ਦੇ ਲੋਕਾਂ ਤੇ ਪਸ਼ੂਆਂ ਨੂੰ ਪ੍ਦੂਸ਼ਣ ਕਾਰਨ ਲੱਗੀਆਂ ਬੀਮਾਰੀਆਂ ਦੀ ਜਾਂਚ ਤੇ ਇਲਾਜ ਲਈ ਪੀਜੀਆਈ,ਏਮਜ਼ ਤੇ ਪੀਏਯੂ ਦੇ ਮਾਹਰ ਡਾਕਟਰਾਂ ਵਾਲਾ ਹੈਲਥ ਸੈੰਟਰ ਫੌਰਨ ਸਥਾਪਤ ਕੀਤਾ ਜਾਵੇ। ਫੈਕਟਰੀ ਦੇ ਤੇਜਾਬੀ ਪਾਣੀ ਨਾਲ ਜਿਨਾਂ ਖੇਤਾਂ ਦੀਆਂ ਫਸਲਾਂ ਤਬਾਹ ਹੋਈਆਂ ਹਨ,ਉਹਨਾਂ ਖੇਤਾਂ ਦੀ ਮਿੱਟੀ ਦੀ ਨਿਰਪੱਖ ਜਾਂਚ ਮਿਆਰੀ ਲਬਾਟਰੀ ਤੋਂ ਕਰਵਾਈ ਜਾਵੇ।

ਫੈਕਟਰੀ ਦੀ ਤੁਲਨਾ ਭੋਪਾਲ ਗੈਸ ਕਾਂਡ ਨਾਲ ਕੀਤੀ

ਇਸ ਮੌਕੇ ਜਮਹੂਰੀ ਅਧਿਕਾਰ ਸਭਾ ਦੇ ਆਗੂਆਂ ਨੇ ਆਖਿਆ ਕਿ ਲੋਕਾਂ ਦੇ ਜੀਵਨ ਦਾ ਵਿਨਾਸ਼ ਕਰਕੇ ਮਲਬਰੋਜ਼ ਫੈਕਟਰੀ ਨੇ ਉਹ ਭੂਮਿਕਾ ਨਿਭਾਈ ਹੈ,ਜੋ ਭੂਪਾਲ ਤਰਾਸਦੀ(1984) ਨੇ ਤਬਾਹੀ ਕਰਕੇ ਨਿਭਾਈ ਸੀ।

ਫੈਕਟਰੀ ਦੇ ਜ਼ਹਿਰੀਲੇ ਪਾਣੀ ਤੇ ਰਾਖ ਨਾਲ ਪੀੜਤ ਪੀ੍ਵਾਰਾਂ ਤੇ ਉਨ੍ਹਾਂ ਦੇ ਪਸ਼ੂਆਂ ਦੇ ਇਲਾਜ ਤੇ ਹਰਜਾਨੇ ਦਾ ਸਾਰਾ ਖਰਚਾ ਫੈਕਟਰੀ ਮਾਲਕ ਤੋਂ ਲਿਆ ਜਾਵੇ। ਮਨੁੱਖੀ ਸ਼ਰੀਰਾਂ ਅੰਦਰ ਘਾਤਕ ਰਸਾਇਣਾਂ ਦੇ ਅੰਸ਼ਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ,ਜਿਹੜੇ ਜਾਨਲੇਵਾ ਬੀਮਾਰੀਆਂ ਲਈ ਜਿੰਮੇਵਾਰ ਹਨ। ਫੈਕਟਰੀ ਮਾਲਕਾਂ ਨੇ ਜਿਨਾਂ ਕਿਸਾਨਾਂ ਦੀ ਸਾਜਸ਼ੀ ਢੰਗਾਂ ਨਾਲ ਜ਼ਮੀਨਾਂ ਹਥਿਆਈਆਂ ਹਨ,ਉਸ ਬਦਲੇ ਫੈਕਟਰੀ ਮਾਲਕ 'ਤੇ ਕੇਸ ਦਰਜ ਕੀਤੇ ਜਾਣ।

Posted By: Shubham Kumar