ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਪਿੰਡ ਬੱਗੇ ਕੇ ਖੁਰਦ ਦੇ ਇਕ ਵਿਅਕਤੀ ਨੇ 12 ਬੋਰ ਦੀ ਸਿੰਗਲ ਬੈਰਲ ਬੰਦੂਕ ਨਾਲ ਆਪਣੇ ਆਪ ਨੂੰ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮਿ੍ਤਕ ਦੀ ਲਾਸ਼ ਨਜ਼ਦੀਕੀ ਪਿੰਡ ਸ਼ੇਰ ਖਾਂ ਵਿਖੇ ਕਾਰ 'ਚੋਂ ਬਰਾਮਦ ਹੋਈ ਹੈ। ਇਸ ਸਬੰਧੀ ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਪਿੰਡ ਦੇ ਹੀ 3 ਲੋਕਾਂ ਵੱਲੋਂ ਧੱਕੇ ਨਾਲ ਉਸ ਦੀ ਜ਼ਮੀਨ ਵਾਹ ਲਏ ਜਾਣ ਦੀਆਂ ਮਿਲ ਰਹੀਆਂ ਧਮਕੀਆਂ ਤੋਂ ਦੁਖੀ ਸੀ।

ਇਸ ਸਬੰਧੀ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ, ਪਰ ਅਜੇ ਤਕ ਕੋਈ ਵੀ ਮੁਲਜ਼ਮ ਪੁਲਿਸ ਦੇ ਹੱਥ ਨਹੀਂ ਲੱਗਾ। ਪੁਲਿਸ ਥਾਣਾ ਕੁਲਗੜੀ ਨੂੰ ਦਿੱਤੇ ਬਿਆਨਾਂ 'ਚ ਯਾਦਵਿੰਦਰ ਸਿੰਘ ਪੁੱਤਰ ਜਰਮਲ ਸਿੰਘ ਵਾਸੀ ਬੱਗੇ ਕੇ ਖੁਰਦ ਨੇ ਦੋਸ਼ ਲਾਇਆ ਕਿ ਉਸ ਦੇ ਤਾਏ ਦਾ ਲੜਕਾ ਜਗਦੀਪ ਸਿੰਘ (37) ਪੁੱਤਰ ਸਰਵਨ ਸਿੰਘ ਨੇ ਬੇਅੰਤ ਸਿੰਘ, ਬਲਦੇਵ ਸਿੰਘ ਅਤੇ ਕਰਤਾਰ ਸਿੰਘ ਤੋਂ ਤੰਗ ਆ ਕੇ ਆਪਣੇ ਲਾਇਸੈਂਸੀ ਹਥਿਆਰ 12 ਬੋਰ ਸਿੰਗਲ ਬੈਰਲ ਬੰਦੂਕ ਦੇ ਨਾਲ ਆਪਣੇ ਸਿਰ ਵਿਚ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।

ਯਾਦਵਿੰਦਰ ਸਿੰਘ ਮੁਤਾਬਕ ਮਿ੍ਤਕ ਜਗਦੀਪ ਸਿੰਘ ਦੇ ਮੋਬਾਈਲ ਫੋਨ 'ਚ ਇਕ ਵੀਡੀਓ ਮਿਲੀ ਹੈ, ਜਿਸ 'ਚ ਜਗਦੀਪ ਸਿੰਘ ਕਹਿ ਰਿਹਾ ਹੈ ਕਿ ਉਸ ਨੂੰ ਬੇਅੰਤ ਸਿੰਘ, ਬਲਦੇਵ ਸਿੰਘ ਅਤੇ ਕਰਤਾਰ ਸਿੰਘ ਪਰੇਸ਼ਾਨ ਕਰਦੇ ਹਨ। ਉਕਤ ਵਿਅਕਤੀ ਉਸ ਦੀ ਜ਼ਮੀਨ ਵਾਹੁੰਦੇ ਹਨ ਅਤੇ ਨਾਲ ਹੀ ਕਹਿੰਦੇ ਹਨ ਕਿ ਉਹ ਉਸਦੇ ਚੈੱਕ ਲਗਾ ਦੇਣਗੇ। ਯਾਦਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਬੇਅੰਤ, ਬਲਦੇਵ ਅਤੇ ਕਰਤਾਰ ਤੋਂ ਤੰਗ ਆ ਕੇ ਜਗਦੀਪ ਸਿੰਘ ਨੇ ਖ਼ੁਦਕੁਸ਼ੀ ਕੀਤੀ ਹੈ।

ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਯਾਦਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਬੇਅੰਤ ਸਿੰਘ, ਬਲਦੇਵ ਸਿੰਘ ਅਤੇ ਕਰਤਾਰ ਸਿੰਘ ਖ਼ਿਲਾਫ਼ 306, 34, 120 ਆਈਪੀਸੀ ਤਹਿਤ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।