ਜੇਐੱਨਐੱਨ, ਫਿਰੋਜ਼ਪੁਰ : ਸਾਬਕਾ ਸੰਸਦੀ ਸਕੱਤਰ ਅਤੇ ਫਿਰੋਜ਼ਪੁਰ ਸ਼ਹਿਰੀ ਤੋਂ ਭਾਜਪਾ ਦੇ ਦੋ ਵਾਰ ਵਿਧਾਇਕ ਰਹਿ ਚੁੱਕੇ ਸੁਖਪਾਲ ਸਿੰਘ ਨੰਨੂ ਖ਼ਿਲਾਫ਼ ਨਵ ਵਿਆਹੁਤਾ ਨੂੰ ਅਗਵਾ ਕਰ ਕੇ ਲਿਜਾਣ ਦੇ ਮਾਮਲੇ 'ਚ ਲੁਕ ਆਊਟ ਸਰਕੂਲਰ (ਐੱਲਓਸੀ) ਜਾਰੀ ਕੀਤਾ ਗਿਆ ਹੈ। ਲੁਕ ਆਊਟ ਸਰਕੂਲਰ ਜਾਰੀ ਹੋਣ ਤੋਂ ਬਾਅਦ ਨੰਨੂ ਹੁਣ ਏਅਰਪੋਰਟ ਤੋਂ ਹੋ ਕੇ ਵਿਦੇਸ਼ ਨਹੀਂ ਭੱਜ ਸਕਣਗੇ।

ਥਾਣਾ ਆਰਿਫਕੇ ਦੇ ਇੰਚਾਰਜ ਮੋਹਿਤ ਧਵਨ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪਿੰਡ ਅੱਕੂਵਾਲਾ ਦੀ ਨਵ ਵਿਆਹੁਤਾ ਨੂੰ ਅਗਵਾ ਕਰਨ ਦੇ ਮਾਮਲੇ 'ਚ ਪੁਲਿਸ ਕਈ ਨੁਕਤਿਆਂ ਤੋਂ ਜਾਂਚ ਕਰ ਰਹੀ ਹੈ ਤਾਂ ਜੋ ਨਵਵਿਆਹੁਤਾ ਨੂੰ ਲੱਭਿਆ ਜਾ ਸਕੇ। ਉਹ ਆਪਣੇ ਵਿਆਹ ਤੋਂ 24 ਦਿਨ ਬਾਅਦ ਤੋਂ ਹੀ ਸ਼ੱਕੀ ਹਾਲਤ 'ਚ ਲਾਪਤਾ ਹੈ।

ਉਸ ਦੇ ਪਤੀ ਸਤਨਾਮ ਸਿੰਘ ਵੱਲੋ ਲਗਾਏ ਗਏ ਦੋਸ਼ਾਂ ਦੇ ਮੁਤਾਬਕ ਉਸ ਦੀ ਪਤਨੀ ਨੂੰ ਭਜਾਉਣ 'ਚ ਨੰਨੂ ਦੀ ਅਹਿਮ ਭੂਮਿਕਾ ਰਹੀ ਹੈ। ਉਸ ਦੀ ਕਾਲ ਡਿਟੇਲ ਤੋਂ ਸਾਬਿਤ ਹੋ ਚੁੱਕਿਆ ਹੈ ਕਿ ਦੋਵਾਂ ਵਿਚਕਾਰ ਕਈ ਵਾਰ ਗੱਲ ਹੋਈ ਹੈ। 29 ਅਪ੍ਰੈਲ ਨੂੰ ਨੰਨੂ ਖ਼ਿਲਾਫ਼ ਅਗਵਾ ਦਾ ਪਰਚਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਉਸ ਦੀ ਰਿਹਾਇਸ਼ 'ਤੇ ਛਾਪਾ ਵੀ ਮਾਰਿਆ ਸੀ ਪਰ ਉਹ ਨਹੀਂ ਸੀ ਮਿਲਿਆ।