ਸਚਿਨ ਮਿੱਢਾ/ਸੋਮ ਪ੍ਰਕਾਸ਼, ਜਲਾਲਾਬਾਦ : ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਦੇ ਚਲਦਿਆਂ ਬਾਹਰਲੇ ਸੂਬਿਆਂ ਤੋਂ ਆ ਰਹੀ ਬਾਸਮਤੀ 1121 ਝੋਨੇ ਦੀ ਫਸਲ ਨੂੰ ਰਸਤੇ 'ਚ ਰੋਕ ਕੇ ਵਾਪਸ ਭੇਜਣ ਦੇ ਮਾਮਲੇ ਦੇ ਰੋਸ ਵਜੋਂ ਸ਼ੈੱਲਰ ਮਿੱਲਰਾਂ ਦੀ ਮੀਟਿੰਗ ਸ਼ਹਿਰ ਦੇ ਸ਼ਿਵ ਭਵਨ 'ਚ ਸੰਪੰਨ ਹੋਈ। ਮੀਟਿੰਗ ਦੌਰਾਨ ਦਰਜ਼ਨ ਤੋਂ ਵੱਧ ਬਾਸਮਤੀ ਸ਼ੈਲਰ ਮਿੱਲਰ ਮਾਸਟਰ ਬਲਵਿੰਦਰ ਸਿੰਘ ਗੁਰਾਇਆ, ਇੰਦਰਜੀਤ ਸਿੰਘ ਮਦਾਨ, ਅਸ਼ਵਨੀ ਸਿਡਾਨਾ, ਰਜਿੰਦਰ ਘੀਕ, ਦਰਸ਼ਨ ਲਾਲ ਵਧਵਾ, ਹੇਮਤ ਵਲੇਚਾ, ਵਿੱਕੀ ਕੁਮਾਰ, ਅਸ਼ੋਕ ਗਿਰਧਰ, ਕਪਿਲ ਗੁੰਬਰ, ਨੀਟਾ ਬਜਾਜ, ਟਿੱਕਾ ਗੁਰਪ੍ਰਤਾਪ ਸਿੰਘ, ਅਸ਼ੀਸ਼ ਕੁਮਾਰ, ਅਮਿਤ ਠਠਈ ਮਿੱਢਾ, ਵਰੂਣ ਛਾਬੜਾ, ਸਾਹਿਲ ਮਿੱਢਾ, ਰਾਕੇਸ਼ ਮਿੱਢਾ, ਰਾਹੁਲ ਬਜਾਜ, ਗੌਰਵ ਮਿੱਢਾ, ਹਰੀਸ਼ ਸੇਤੀਆ, ਰਮਨ ਸਿਡਾਨਾ ਗੁੱਲੂ ਗੁਰਾਇਆ, ਅਮਿਤ ਜਿੰਦਲ ਨੇ ਭਾਗ ਲਿਆ। ਇਸ ਦੌਰਾਨ ਸ਼ੈਲਰ ਮਿੱਲਰਾਂ ਨੇ ਫੈਸਲਾ ਲਿਆ ਕਿ ਭਵਿੱਖ 'ਚ ਲੋਕਲ ਤੇ ਆਸ-ਪਾਸ ਮੰਡੀਆਂ 'ਚ ਸ਼ੈਲਰ ਮਿੱਲਰ ਬਾਸਮਤੀ ਦੀ ਝੋਨੇ ਦੀ ਫਸਲ ਦੀ ਖਰੀਦ ਨਹੀਂ ਕਰਨਗੇ। ਮੀਟਿੰਗ ਦੌਰਾਨ ਰਾਈਸ ਮਿੱਲਰਾਂ ਨੇ ਰੋਹ ਭਰੇ ਲਿਹਾਜੇ ਨਾਲ ਪ੍ਰਸ਼ਾਸਨ ਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਪਿਛਲੇ ਇਕ ਹਫਤੇ ਤੋਂ ਪ੍ਰਸ਼ਾਸਨ ਤੇ ਸਰਕਾਰ ਨੂੰ ਜਾਣੂ ਕਰਵਾਉਣ ਦੇ ਬਾਵਜੂਦ ਉਨ੍ਹਾਂ ਵਲੋਂ ਖਰੀਦ ਕੀਤੇ ਗਏ ਝੋਨੇ ਨੂੰ ਜਬਰਨ ਵਾਪਸ ਭੇਜਿਆ ਜਾ ਰਿਹਾ ਹੈ ਅਤੇ ਜਦਕਿ ਮਾਰਕੀਟ ਕਮੇਟੀ ਤੇ ਫੂਡ ਇੰਸਪੈਕਟਰਾਂ ਨਿਗਰਾਨੀ ਹੇਠ ਉਹ ਝੋਨੇ ਦੀ ਕੁਆਲਿਟੀ ਵੀ ਚੈਕ ਕਰਵਾ ਚੁਕੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ 'ਚ ਮੌਜੂਦ ਕੁੱਝ ਲੋਕਾਂ ਵੱਲੋਂ ਜਬਰਨ ਉਨਾਂ ਦੇ ਟਰੱਕ ਰੋਕੇ ਗਏ ਅਤੇ ਕੁੱਝ ਦਿਨ ਖੜੇ ਰਹਿਣ ਤੋਂ ਬਾਅਦ ਉਨ੍ਹਾਂ ਦੇ ਟਰੱਕ ਪ੍ਰਸ਼ਾਸਨ ਦੀ ਨੱਕ ਹੇਠਾਂ ਵਾਪਸ ਭੇਜ ਦਿੱਤੇ ਗਏ। ਸ਼ੈਲਰ ਮਿੱਲਰਾਂ ਨੇ ਕਿਹਾ ਕਿ ਝੋਨੇ 'ਚ ਨਮੀ ਹੋਣ ਕਾਰਨ ਉਨ੍ਹਾਂ ਵਲੋਂ ਮੰਗਵਾਇਆ ਗਿਆ ਮਾਲ ਰਸਤੇ 'ਚ ਹੀ ਖਰਾਬ ਹੋ ਗਿਆ ਅਤੇ ਜਿਸ ਕਾਰਣ ਉਨਾਂ ਨੂੰ ਕਰੋੜਾਂ ਰੁਪਏ ਦੇ ਨੁਕਸਾਨ ਹੋ ਚੁੱਕਿਆ ਹੈ। ਰਾਈਸ ਮਿੱਲਰਾਂ ਨੇ ਕਿਹਾ ਕਿ ਬਾਸਮਤੀ ਦੀ ਖਰੀਦ ਉਹ ਸਰਕਾਰੀ ਮਾਪਦੰਡਾਂ ਅਨੁਸਾਰ ਫੀਸ ਭਰਕੇ ਕਰ ਰਹੇ ਹਨ ਅਤੇ ਫਿਰ ਵੀ ਬਿਨਾਂ ਵਜ੍ਹਾਂ ਉਨ੍ਹਾਂ ਵਲੋਂ ਖਰੀਦ ਕੀਤੇ ਗਏ ਮਾਲ ਨੂੰ ਰਸਤੇ 'ਚ ਰੋਕਿਆ ਜਾ ਰਿਹਾ ਹੈ। ਇਸ ਨੁਕਸਾਨ ਦੇ ਰੋਸ ਵਜੋਂ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਉਹ ਇਥੋਂ ਝੋਨੇ ਦਾ ਇਕ ਦਾਣਾ ਵੀ ਖਰੀਦ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਸ਼ੈਲਰ ਮਿੱਲਰ ਜੋ ਮਾਪਦੰਡਾਂ ਅਨੁਸਾਰ ਬਾਸਮਤੀ ਝੋਨੇ ਦੀ ਫਸਲ ਮੰਗਵਾ ਰਹੇ ਹਨ ਉਨ੍ਹਾਂ ਨੂੰ ਨਾ ਰੋਕਿਆ ਜਾਵੇ ਪਰ ਫਿਰ ਪੰਜਾਬ 'ਚ ਕੋਈ ਵੀ ਕਾਨੂੰਨ ਨਾਅ ਦੀ ਕੋਈ ਚੀਜ਼ ਨਹੀਂ ਰਹਿ ਗਈ ਹੈ ਜਿਸ ਕਾਰਣ ਉਨ੍ਹਾਂ ਦਾ ਬਿਨਾ ਵਜ੍ਹਾਂ ਨੁਕਸਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੋਮਵਾਰ ਤੱਕ ਸ਼ੈਲਰ ਮਿੱਲਰਾਂ ਨੂੰ ਪ੍ਰਸ਼ਾਸਨ ਤੇ ਸਰਕਾਰ ਨੇ ਕੋਈ ਸੁਰੱਖਿਆ ਦੀ ਭਰੋਸਾ ਨਾ ਦਿੱਤਾ ਤਾਂ ਛੇਤੀ ਹੀ ਉਹ ਆਪਣੇ ਸੰਘਰਸ਼ ਨੂੰ ਸੂਬਾ ਪੱਧਰ 'ਤੇ ਲੈ ਕੇ ਜਾਣਗੇ ਅਤੇ ਸੂਬੇ 'ਚ ਝੋਨੇ ਦੀ ਖਰੀਦ ਨਹੀਂ ਕਰਨਗੇ।