ਸਚਿਨ ਮਿੱਢਾ/ਸੋਮ ਪ੍ਰਕਾਸ਼, ਜਲਾਲਾਬਾਦ : ਹਲਕੇ ਦੇ ਪਿੰਡ ਚੱਕ ਜਾਨੀਸਰ 'ਚ ਦਲਿਤ ਨੌਜਵਾਨ ਦੀ ਸਮੂਹਿਕ ਕੁੱਟਮਾਰ ਦੇ ਮਾਮਲੇ 'ਚ ਜ਼ਿਲ੍ਹਾ ਸੀਨੀਅਰ ਪੁਲਿਸ ਕਪਤਾਨ ਨੇ ਬਣਾਈ ਗਈ ਜਾਂਚ ਕਮੇਟੀ ਦੀ ਰਿਪੋਰਟ ਦਾ ਖੁਲਾਸਾ ਕਰਦਿਆਂ ਉਕਤ ਮੁੱਦਈ ਨੌਜਵਾਨ ਨੂੰ ਪਿਸ਼ਾਬ ਪਿਲਾਉਣ ਤੇ ਜਾਤੀਵਾਦਕ ਦੀ ਗੱਲ ਨੂੰ ਝੂਠਾ ਦੱਸਿਆ ਹੈ। ਇਸ ਸਬੰਧੀ ਜ਼ਿਲ੍ਹਾ ਸੀਨੀਅਰ ਪੁਲਿਸ ਕਪਤਾਨ ਹਰਜੀਤ ਸਿੰਘ ਵੱਲੋਂ ਡੀਐਸਪੀ ਦਫਤਰ ਜਲਾਲਾਬਾਦ ਵਿਖੇ ਪ੍ਰੈਸ ਕਾਨਫਰੰਸ ਰੱਖੀ ਗਈ। ਇਸ ਮੌਕੇ ਉਨ੍ਹਾਂ ਨਾਲ ਡੀਐੱਸਪੀ ਪਲਵਿੰਦਰ ਸਿੰਘ ਸਿੱਧੂ, ਇਕਬਾਲ ਸਿੰਘ ਐੱਸਪੀ ਮੌਜੂਦ ਸਨ। ਜ਼ਿਲ੍ਹਾ ਸੀਨੀਅਰ ਪੁਲਿਸ ਕਪਤਾਨ ਹਰਜੀਤ ਸਿੰਘ ਨੇ ਦੱਸਿਆ ਕਿ 8-9 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਮੁਦੱਈ ਗੁਰਨਾਮ ਸਿੰਘ ਉਰਫ ਗੋਰਾ ਪੁੱਤਰ ਜੰਗੀਰ ਸਿੰਘ ਵਾਸੀ ਚੱਕ ਮਦਰੱਸਾ ਥਾਣਾ ਲੱਖੋਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪਿੰਡ ਚੱਕ ਜਾਨੀਸਰ ਵਿਖੇ ਆਪਣੇ ਭਰਾ ਕੋਲ ਆਇਆ ਸੀ ਪਰ ਇਸੇ ਤਰ੍ਹਾਂ ਮੁੱਦਈ ਨੂੰ ਦੇਰ ਰਾਤ ਚੋਰ ਸਮਝ ਕੇ ਸਮੂਹਿਕ ਕੁੱਟਮਾਰ ਕੀਤੀ ਗਈ। ਇਸ ਮਾਮਲੇ 'ਚ ਪੁਲਿਸ ਨੇ 6 ਲੋਕਾਂ ਜਗਵੀਰ ਸਿੰਘ ਭੋਲਾ ਪੰਡਤ ਪੁੱਤਰ ਦੇਸ ਰਾਜ, ਸਿਮਰਨਜੀਤ ਸਿੰਘ ਉਰਫ ਕਾਲਾ ਪੁੱਤਰ ਗੁਰਦਿਆਲ ਸਿੰਘ, ਰਮਨਦੀਪ ਸਿੰਘ ਉਰਫ ਰਮਨਾ ਪੁੱਤਰ ਹਰਚਰਨ ਸਿੰਿਘ, ਸੁਖਜੀਤ ਸਿੰਘ ਉਰਫ ਜੀਤਾ ਪੁੱਤਰ ਜਗਰੂਪ ਸਿੰਘ, ਗਗਨਦੀਪ ਸਿੰਘ ਪੁੱਤਰ ਜਗਤਾਰ ਸਿੰਘ ਅਤੇ ਤਰਸੇਮ ਸਿੰਘ ਉਰਫ ਜੱਜੀ ਪੁੱਤਰ ਜਗਤਾਰ ਸਿੰਘ ਨੂੰ ਨਾਮਜਦ ਕਰਦੇ ਹੋਏ ਮਾਮਲਾ ਦਰਜ਼ ਕੀਤਾ ਸੀ ਅਤੇ ਇਸ ਮਾਮਲੇ 'ਚ ਪੁਲਿਸ ਨੇ ਪਹਿਲੇ ਚਾਰ ਨਾਮਜਦਾਂ ਨੂੰ ਗਿ੍ਫਤਾਰ ਵੀ ਕੀਤਾ ਹੈ। ਐੱਸਐੱਸਪੀ ਨੇ ਦੱਸਿਆ ਕਿ ਉਕਤ ਘਟਨਾ ਤੋਂ ਬਾਅਦ ਇਕ ਜਾਂਚ ਕਮੇਟੀ ਬਣਾਈ ਗਈ ਸੀ ਜਿਸ 'ਚ ਪੀਬੀਆਈ, ਐਸਪੀ ਇਕਬਾਲ ਸਿੰਘ, ਡੀਐਸਪੀ ਪਲਵਿੰਦਰ ਸਿੰਘ ਸਿੱਧੂ, ਸੀਆਈ ਫਾਜ਼ਿਲਕਾ ਨਵਦੀਪ ਸਿੰਘ ਭੱਟੀ, ਐੱਸਐੱਚਓ ਸਦਰ ਦਵਿੰਦਰ ਸਿੰਘ ਨੂੰ ਸ਼ਾਮਲ ਕੀਤਾ ਗਿਆ ਸੀ ਅਤੇ ਉਕਤ ਜਾਂਚ ਕਮੇਟੀ ਵੱਲੋਂ ਮੁੱਢਲੀ ਰਿਪੋਰਟ 'ਚ ਜਾਣਕਾਰੀ ਦਿੱਤੀ ਗਈ ਹੈ ਕਿ ਮੁੱਦਈ ਨੂੰ ਪਿਸ਼ਾਬ ਪਿਲਾਉਣ ਤੇ ਜਾਤੀਵਾਦਕ ਕੁੱਟਮਾਰ ਕਰਨ ਦੀ ਗੱਲ ਝੂਠੀ ਸਾਬਿਤ ਹੋਈ ਹੈ ਪਰ ਮੁੱਦਈ ਨੂੰ ਚੋਰ ਸਮਝ ਕੇ ਕੁੱਟਮਾਰ ਕੀਤੀ ਗਈ ਹੈ ਜਦਕਿ ਕੁੱਟਮਾਰ ਦੇ ਸ਼ਿਕਾਰ ਮੁੱਦਈ ਦਾ ਪਿਛਲਾ ਕੋਈ ਵੀ ਚੋਰੀ ਦਾ ਰਿਕਾਰਡ ਨਹੀਂ ਹੈ ਅਤੇ ਨਾ ਹੀ ਉਸਤੇ ਕੋਈ ਵੀ ਮੁਕੱਦਮਾ ਦਰਜ਼ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਚੌਂਕੀਦਾਰ, ਦੋ ਗ੍ੰਥੀ ਅਤੇ ਇਕ ਪਿੰਡ ਦੇ ਹੋਰ ਵਿਅਕਤੀ ਨੂੰ ਬਤੌਰ ਗਵਾਹ ਸ਼ਾਮਲ ਕੀਤਾ ਗਿਆ।