ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਸੈਂਕੜੇ ਕਿਸਾਨ ਮਜ਼ਦੂਰਾਂ ਬੀਬੀਆਂ ਤੇ ਬੱਚਿਆਂ ਵੱਲੋਂ ਫਿਰੋਜ਼ਪੁਰ, ਗੁਰੂਹਰਸਹਾਏ ਤੇ ਜ਼ੀਰਾ ਸ਼ਹਿਰਾਂ ਵਿਚ ਰੋਸ ਮਾਰਚ ਕਰਦੇ ਮੇਨ ਚੌਂਕ ਵਿਚ ਰਾਵਣ ਰੂਪੀ ਬਦੀ ਦਾ ਰਾਖਸ਼ਸ਼ ਰੂਪ ਨਰਿੰਦਰ ਮੋਦੀ ਅਨਿਲ ਅੰਬਾਨੀ ਤੇ ਗੌਤਮ ਅਡਾਨੀ ਦੇ ਪੁਤਲੇ ਫੂਕ ਕੇ ਰੋਸ ਮੁਜ਼ਾਹਰਾ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਰੋਸ ਮੁਜ਼ਾਹਰਿਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਧਰਮ ਸਿੰਘ ਸਿੱਧੂ, ਨਰਿੰਦਰਪਾਲ ਸਿੰਘ ਜੁਤਾਲਾ ਨੇ ਕਿਹਾ. ਕਿ ਇਸ ਮੌਕੇ ਦੇਸ਼ ਤੇ ਜੋ ਸਭ ਤੋਂ ਵੱਡਾ ਖਤਰਾ ਮੰਡਰਾ ਰਿਹਾ ਹੈ, ਉਹ ਭਾਜਪਾ ਸਰਕਾਰ ਦਾ ਹੈ ਤੇ ਤਿੰਨ ਵੱਡੇ ਰਾਵਣ ਰੂਪੀ ਰਾਖਸ਼ਸ਼ ਅਡਾਨੀ ਅਬਾਨੀ ਜੇ ਮੋਦੀ ਦੇਸ਼ ਦੀ ਜਨਤਾ ਤੇ ਖਾਸਕਰ ਕਿਸਾਨਾਂ ਨੂੰ ਖਾਣ ਲਈ ਮੁੂਹ ਅੱਡੀ ਖੜ੍ਹੇ ਹਨ। ਦੇਸ਼ ਦੇ ਲੋਕਾਂ ਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਜਾਵੇਗਾ ਕਿ ਕਦੋਂ ਇਹ ਦੇਸ਼ ਦੀ ਸਾਰੀ ਪ੍ਰਰਾਪਰਟੀ ਤੇ ਕਿਸਾਨਾਂ ਦੀਆਂ ਜ਼ਮੀਨਾਂ ਖਾ ਜਾਣਗੇ ਤੇ ਡਕਾਰ ਵੀ ਨਹੀਂ ਮਾਰਨਗੇ। ਕਿਸਾਨ ਵਿਰੋਧੀ ਆਰਡੀਨੈਂਸ ਤੇ ਪਿਛਲੇ ਦੋ ਮਹੀਨੇ ਤੋਂ ਲੜਾਈ ਲੜ ਰਹੇ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਆਰਡੀਨੈਂਸ ਖਿਲਾਫ ਮੋਦੀ ਸਰਕਾਰ ਨਾਲ ਜੰਗ ਜਾਰੀ ਰਹੇਗੀ ਤੇ ਨਿੱਤ ਦਿਨ ਤਿੱਖੀ ਹੁੰਦੀ ਜਾਏਗੀ। ਇਹ ਕਾਲੇ ਕਾਨੂੰਨ ਕਿਸੇ ਵੀ ਕੀਮਤ ਤੇ ਪੰਜਾਬ ਵਿਚ ਲਾਗੂ ਨਹੀਂ ਹੋਣ ਦਿੱਤੇ ਜਾਣਗੇ। ਮੋਦੀ ਸਰਕਾਰ ਦੇ ਗੋਡੇ ਟਕਾ ਕੇ ਇਸ ਨੂੰ ਰੱਦ ਕਰਵਾ ਕੇ ਰਹਾਂਗੇ, ਸਾਨੂੰ ਆਪਣੀਆਂ ਜਾਨਾਂ ਦੀ ਕੋਈ ਪ੍ਰਵਾਹ ਨਹੀਂ। ਇਸ ਜੰਗ ਵਿਚ ਸਾਨੂੰ ਸਿਰਾਂ ਦੇ ਸੌਦੇ ਵੀ ਕਰਨੇ ਪੈ ਗਏ ਤਾਂ ਉਹ ਵੀ ਘਾਟੇ ਦਾ ਸੌਦਾ ਨਹੀਂ ਹੋਵੇਗਾ, ਪਰ ਪੰਜਾਬ ਵਿੱਚ ਕਿਸੇ ਗੈਰ ਨੂੰ ਪੈਰ ਨਹੀਂ ਪਾਉਣ ਦੇਵਾਂਗੇ। ਕੈਪਟਨ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਸਰਕਾਰ ਅੰਦਰਖਾਤੇ ਕੇਂਦਰ ਸਰਕਾਰ ਨਾਲ ਮਿਲੀ ਹੋਈ ਹੈ 20 ਅਕਤੂਬਰ ਦੇ ਇਜਲਾਸ ਵਿਚ ਏਪੀਐੱਮਸੀ ਇਸ ਐਕਟ ਵਿਚ ਕੀਤੀਆਂ ਸੋਧਾਂ ਨੂੰ ਰੱਦ ਨਾ ਕਰਨਾ। ਇਨ੍ਹਾਂ ਦੀ ਨੀਅਤ ਵਿਚ ਖੋਟ ਨੂੰ ਜੱਗ ਜ਼ਾਹਰ ਕਰਦਾ ਹੈ ਤੇ ਪਤਾ ਲੱਗਦਾ ਹੈ ਕਿ ਪੰਜਾਬ ਸਰਕਾਰ ਕਿਸਾਨ ਪ੍ਰਤੀ ਗੰਭੀਰ ਨਹੀਂ ਹੈ। ਦੂਜੇ ਪਾਸੇ ਕੱਲ੍ਹ ਨਵਾਂ ਸ਼ਹਿਰ ਵਿਚ ਭਾਜਪਾ ਵਲੋਂ ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ ਤੇ ਹਾਰ ਪਾਉਣ ਤੇ ਕਿਸਾਨ ਵੱਲੋਂ ਵਿਰੋਧ ਕਰਨ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਭਾਜਪਾ ਦਾ ਅੰਬੇਦਕਰ ਦੀ ਸੋਚ ਨਾਲ ਕੋਈ ਲੈਣਾ ਦੇਣਾ ਨਹੀਂ, ਇਨ੍ਹਾਂ ਦਾ ਪਿੰਡਾਂ ਤੇ ਸ਼ਹਿਰਾਂ ਵਿੱਚ ਇਸੇ ਤਰ੍ਹਾਂ ਵਿਰੋਧ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਬਲਵਿੰਦਰ ਸਿੰਘ ਲੋਹੁਕਾ, ਅਮਨਦੀਪ ਸਿੰਘ ਕੱਚਰ ਭੰਨ, ਬਲਰਾਜ ਸਿੰਘ ਫੇਰੋਕੇ, ਲਖਵੀਰ ਸਿੰਘ ਬੂਈਆਂ ਵਾਲਾ, ਗੁਰਨਾਮ ਸਿੰਘ ਆਲੀਕੇ, ਰੰਗਾ ਸਿੰਘ ਭੁੱਲਰ, ਹਰਬੰਸ ਸਿੰਘ ਸ਼ਾਹਵਾਲਾ, ਆਦਿ ਵੀ ਹਾਜ਼ਰ ਸਨ।