ਰਮਨਦੀਪ, ਖੂਈਆਂ ਸਰਵਰ : ਸਿਵਲ ਸਰਜਨ ਡਾ. ਕੁੰਦਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਵਲ ਹਸਪਤਾਲ ਅਬੋਹਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਸ਼ਵਨੀ ਕੁਮਾਰ ਦੀ ਅਗਵਾਈ ਹੇਠ ਵਿਸ਼ਵ ਆਇਯੋਡੀਨ ਡੈਫੀਸ਼ੈਂਸੀ ਡਿਸਆਰਡਰ ਦਿਵਸ ਮਨਾਇਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਨੇ ਦੱਸਿਆ ਕਿ ਆਇਯੋਡੀਨ ਬੱਚਿਆਂ ਦੇ ਦਿਮਾਗ ਦੇ ਵਿਕਾਸ ਲਈ ਬਹੁਤ ਹੀ ਜ਼ਰੂਰੀ ਤੱਤ ਹੈ ਅਤੇ ਆਇਯੋਡੀਨ ਸਾਡੇ ਸ਼ਰੀਰ ਦੇ ਤਾਪਮਾਨ ਨੂੰ ਵੀ ਸਹੀ ਰੱਖਦਾ ਹੈ, ਸ਼ਰੀਰ ਦੇ ਸੰਪੂਰਨ ਵਿਕਾਸ ਲਈ ਸਹਾਈ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਸ਼ਰੀਰ 'ਚ ਆਇਯੋਡੀਨ ਨੂੰ ਸੰਤੁਲਤ ਬਣਾਉਣ ਦਾ ਕੰਮ ਥਾਈਰਾਕਸੀਨ ਹਾਰਮੌਸ ਕਰਦੇ ਹਨ ਜ਼ੋ ਮਨੁੱਖ ਦੀ ਅੰਦਰਲੀ ਨਾੜੀ ਨਾਲ ਜੁੜੇ ਹੁੰਦੇ ਹਨ ਅਤੇ ਆਇਯੋਡੀਨ ਦੀ ਕਮੀ ਨਾਲ ਕਈ ਤਰ੍ਹਾਂ ਦੇ ਰੋਗ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਮੂੰਹ ਤੇ ਸੋਜ਼, ਗਲੇ 'ਚ ਸੋਜ਼, ਥਾਈਰਾਈਡ ਦੀ ਕਮੀ, ਵਿਕਾਸ 'ਚ ਰੁਕਾਵਟ, ਵਜਨ ਦਾ ਵੱਧਣਾ, ਖੂਨ 'ਚ ਕੈਲਸਟਰੋਲ ਦੀ ਮਾਤਰਾ 'ਚ ਵਾਧਾ ਹੋਣਾ ਤੇ ਠੰਡ ਨਾ ਬਰਦਾਸ਼ਤ ਹੋਣਾ ਆਦਿ ਰੋਗ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬਿਮਾਰੀਆਂ ਤੋਂ ਬਚਣ ਲਈ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਂਦਾ ਹੈ।

ਇਸ ਮੌਕੇ ਡਾ. ਸਾਹਿਬ ਰਾਮ ਨੇ ਦੱਸਿਆ ਕਿ ਗਰਭਵਤੀ ਅੌਰਤਾਂ 'ਚ ਆਇਯੋਡੀਨ ਦੀ ਕਮੀ ਨਾਲ ਗਰਭਪਾਤ, ਨਵਜਮੇ ਬਚੇ ਦਾ ਭਾਰ ਘਟ ਹੋਣਾ, ਬੱਚੇ ਦਾ ਬੋਨਾਪਨ ਹੋਣਾ, ਸ਼ਰੀਰਕ ਵਿਕਾਸ 'ਚ ਕਮੀ ਆਦਿ ਬਿਮਾਰੀਆਂ ਹੋਣ ਦਾ ਡਰ ਰਹਿੰਦਾ ਹੈ।ਬੀ.ਈ.ਈ. ਮਨਬੀਰ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਆਇਯੋਡੀਨ ਨਮਕ ਦੀ ਵਰਤੋਂ ਸਾਡੇ ਸ਼ਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦੀ ਹੈ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਚਲਾਏ ਜਾ ਰਹੇ ਚੇਤਨ ਫਾਜ਼ਿਲਕਾ ਪ੍ਰਰੋਜੈਕਟ ਅਭਿਆਨ ਪ੍ਰਤੀ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਵਿਚ ਲੋਕਾਂ ਨੂੰ ਕਰੋਨਾਂ ਅਤੇ ਡੇਂਗੂ ਤੋਂ ਇਲਾਵਾ ਹੋਰ ਬਿਮਾਰੀਆਂ ਤੋਂ ਬਚਣ ਬਾਰੇ ਵੀ ਪ੍ਰਰੇਰਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਐਲ.ਐਚ.ਵੀ. ਲਕਸ਼ਮੀ ਦੇਵੀ, ਸਿਹਤ ਸਟਾਫ ਅਤੇ ਹੋਰ ਲੋਕ ਹਾਜ਼ਰ ਸਨ।