ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਕੋਵਿਡ 19 ਦੌਰਾਨ ਪੁਲਿਸ ਮੁਲਾਜ਼ਮਾਂ ਵੱਲੋਂ ਪੂਰੀ ਮਿਹਨਤ ਅਤੇ ਲਗਨ ਨਾਲ ਜਾਨ ਜ਼ੋਖ਼ਮ ਵਿਚ ਪਾ ਕੇ ਦਿਨ ਰਾਤ ਕੰਮ ਕੀਤਾ ਗਿਆ ਹੈ। ਲੋਕਾਂ ਦੀ ਸੁਰੱਖਿਆ ਲਈ 24 ਘੰਟੇ ਡਿਊਟੀ 'ਤੇ ਤਾਇਨਾਤ ਰਹਿਣ ਵਾਲੇ ਪੁਲਿਸ ਮੁਲਾਜ਼ਮ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ। ਪੁਲਿਸ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਚੰਗੀ ਸਿਹਤ ਲਈ ਪੁਲਿਸ ਲਾਈਨ ਫਿਰੋਜ਼ਪੁਰ ਵਿਖੇ ਇਹ ਓਪਨ ਏਅਰ ਜਿੰਮ ਲਗਵਾਇਆ ਗਿਆ ਹੈ ਤਾਂ ਜੋ ਪੁਲਿਸ ਲਾਈਨ ਵਿਚ ਰਹਿ ਰਹੇ ਮੁਲਾਜ਼ਮ ਅਤੇ ਇਨ੍ਹਾਂ ਦੇ ਪਰਿਵਾਰ ਰੋਜਾਨਾ ਸਵੇਰ ਤੇ ਸ਼ਾਮ ਨੂੰ ਇਸ ਜਿੰਮ ਦੀ ਵਰਤੋਂ ਕਰ ਕੇ ਕਸਰਤ ਕਰ ਸਕਣ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪੁਲਿਸ ਲਾਈਨ ਵਿਖੇ ਆਧੁਨਿਕ ਸਹੂਲਤਾਂ ਨਾਲ ਲੈਸ ਇੱਕ ਜਿੰਮ ਸਥਾਪਿਤ ਕੀਤਾ ਗਿਆ ਹੈ। ਵਿਧਾਇਕ ਪਿੰਕੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਵੱਲੋਂ ਪੁਲਿਸ ਲਾਈਨ ਲਈ ਹੋਰ ਸਹੂਲਤਾਂ ਲਈ ਹੋਰ ਪੈਸੇ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੁਲਿਸ ਲਾਈਨ ਵਿਖੇ ਪਾਰਕ ਦੀ ਮੈਨਟੇਨੈਂਸ ਲਈ ਵੀ 10 ਲੱਖ ਰੁਪਏ ਦਿੱਤੇ ਜਾਣਗੇ। ਜਿਕਰਯੋਗ ਹੈ ਕਿ ਕੁੱਝ ਸਮਾਂ ਪਹਿਲੋਂ ਹੀ 25 ਲੱਖ ਰੁਪਏ ਦੀ ਲਾਗਤ ਨਾਲ ਪੁਲਿਸ ਲਾਈਨ ਵਿਖੇ ਵਿਧਾਇਕ ਪਿੰਕੀ ਵੱਲੋਂ ਅਤੀ ਆਧੁਨਿਕ ਜਿੰਮ ਵੀ ਬਣਵਾਇਆ ਗਿਆ ਸੀ । ਇਸ ਮੌਕੇ ਉਨ੍ਹਾਂ ਐੱਸਐੱਸਪੀ ਭੁਪਿੰਦਰ ਸਿੰਘ ਨੂੰ ਕਿਹਾ ਕਿ ਪੁਲਿਸ ਲਾਈਨ ਵਿਖੇ ਜੋ ਵੀ ਸਹੂਲਤਾਂ ਜਾਂ ਕੰਮ ਕਰਵਾਉਣ ਦੀ ਲੋੜ ਹੈ , ਉਹ ਉਨ੍ਹਾਂ ਨੂੰ ਜ਼ਰੂਰ ਦੱਸਣ 'ਤੇ ਆਉਣ ਵਾਲੇ ਸਮੇਂ ਵਿਚ ਸਾਰੇ ਕੰਮ ਕਰਵਾਏ ਜਾਣਗੇ। ਇਸ ਦੌਰਾਨ ਉਨ੍ਹਾਂ ਨਵੇਂ ਬਣੇ ਓਪਨ ਜਿੰਮ ਵਿਚ ਖ਼ੁਦ ਕਸਰਤ ਕਰਕੇ ਜਿੰਮ ਦਾ ਨਿਰੀਖਣ ਵੀ ਕੀਤਾ। ਇਸ ਮੌਕੇ ਕਮਿਸ਼ਨਰ ਫਿਰੋਜ਼ਪੁਰ ਡਵੀਜ਼ਨ ਸੁਮੇਰ ਸਿੰਘ ਗੁਰਜ਼ਰ ਅਤੇ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਨੇ ਪੁਲਿਸ ਲਾਈਨ ਵਿਖੇ ਜਿੰਮ ਲੱਗਣ ਦੀ ਵਧਾਈ ਦਿੰਦਿਆਂ ਕਿਹਾ ਕਿ ਇੱਥੇ ਰਹਿ ਰਹੇ ਪੁਲਿਸ ਪਰਿਵਾਰ ਇਸ ਜਿੰਮ ਦੀ ਵਰਤੋਂ ਜ਼ਰੂਰ ਕਰਨ ਅਤੇ ਰੋਜਾਨਾ ਆਪਣੀ ਚੰਗੀ ਸਿਹਤ ਲਈ ਘੱਟੋ ਘੱਟ ਇੱਕ ਘੰਟਾ ਕਸਰਤ ਕਰਨ ਲਈ ਜ਼ਰੂਰ ਕੱਢ੍ਹਣ। ਇਸ ਮੌਕੇ ਐੱਸਐੱਸਪੀ ਭੁਪਿੰਦਰ ਸਿੰਘ ਨੇ ਆਖਿਆ ਕਿ ਪੁਲਿਸ ਲਾਈਨ ਲਈ ਇਹ ਇੱਕ ਬਹੁਤ ਵੱਡੀ ਸਹੂਲਤ ਹੈ। ਉਨ੍ਹਾਂ ਕਿਹਾ ਕਿ ਪੁਲਿਸ ਲਾਈਨ ਵਿੱਚ ਰਹੇ ਰਹੇ ਸਾਰੇ ਜਵਾਨ ਇਸ ਸਹੂਲਤ ਤੋਂ ਬਹੁਤ ਖੁਸ਼ ਹਨ ਤੇ ਹੁਣ ਉਹ ਰੋਜ਼ਾਨਾ ਇਸ ਜਿੰਮ ਰਾਹੀਂ ਕਸਰਤ ਕਰ ਕੇ ਇਸ ਸਹੂਲਤ ਦਾ ਲਾਭ ਲੈਣਗੇ। ਇਸ ਮੌਕੇ ਐੱਸਪੀਐੱਚ ਬਲਵੀਰ ਸਿੰਘ, ਡੀਐੱਸਪੀ ਬਰਿੰਦਰ ਸਿੰਘ, ਈਓ ਪਰਮਿੰਦਰ ਸਿੰਘ, ਚੇਅਰਮੈਨ ਮਾਰਕਿਟ ਕਮੇਟੀ ਸੁਖਵਿੰਦਰ ਸਿੰਘ, ਕਾਂਗਰਸੀ ਆਗੂ ਬਿੱਟੂ ਸਾਂਘਾ, ਹਰਿੰਦਰ ਖੋਸਾ,ਬਲਾਕ ਸੰਮਤੀ ਚੇਅਰਮੈਨ ਬਲਵੀਰ ਬਾਠ, ਸੁਖਵਿੰਦਰ ਸਿੰਘ ਬੁਲੰਦੇ ਵਾਲਾ, ਗੁਰਨੇਬ ਸਿੰਘ ਸਰਪੰਚ, ਸੰਜੇ ਗੁੱਪਤਾ, ਅਮਰਜੀਤ ਸਿੰਘ, ਵਪਾਰ ਮੰਡਲ ਪ੍ਰਧਾਨ ਲਾਲੋ ਹਾਂਡਾ, ਰੂਪ ਨਰਾਇਨ, ਅਸ਼ੋਕ ਗੁਪਤਾ, ਕੁਲਦੀਪ ਗੱਖੜ, ਅਸ਼ੋਕ ਪ੍ਰਧਾਨ ਸਬਜੀ ਮੰਡੀ, ਰਿੰਕੂ ਗਰੋਵਰ, ਰਿਸ਼ੀ ਸ਼ਰਮਾ ਆਦਿ ਹਾਜ਼ਰ ਸਨ।