ਰਵੀ ਮੌਂਗਾ, ਗੁਰਹਰਸਹਾਏ : ਪੰਜਾਬ ਸਰਕਾਰ ਵੱਲੋਂ ਰਾਜ ਵਿਚ ਖੇਡਾਂ ਦੀ ਬਿਹਤਰੀ ਤੇ ਖਿਡਾਰੀਆਂ ਨੂੰ ਵਧੀਆ ਖੇਡ ਸਹੂਲਤਾਂ ਪ੍ਰਦਾਨ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਇਸ ਤਹਿਤ ਰਾਜ ਵਿਚ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ ਨਵੇਂ ਖੇਡ ਸਟੇਡੀਅਮਾਂ ਦੀ ਉਸਾਰੀ ਅਤੇ ਪਹਿਲੇ ਖੇਡ ਸਟੇਡੀਅਮਾਂ ਦੀ ਅਪਗ੍ਰੇਡੇਸ਼ਨ ਦਾ ਕੰਮ ਜੰਗੀ ਪੱਧਰ 'ਤੇ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਕੈਬਨਿਟ ਮੰਤਰੀ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਨੇ ਗੁਰੂਹਰਸਹਾਏ ਵਿਖੇ ਸ੍ਰੀ ਗੁਰੂ ਰਾਮਦਾਸ ਖੇਡ ਸਟੇਡੀਅਮ ਦੀ ਅਪਗ੍ਰੇਡੇਸ਼ਨ ਦਾ ਨੀਂਹ ਪੱਥਰ ਰੱਖਣ ਮੌਕੇ ਦਿੱਤੀ।

ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ 8 ਕਰੋੜ ਤੋਂ ਵੱਧ ਦੀ ਰਾਸ਼ੀ ਨਾਲ ਇਸ ਖੇਡ ਸਟੇਡੀਅਮ ਦੀ ਅਪਗ੍ਰੇਡੇਸ਼ਨ ਕੀਤੀ ਜਾਵੇਗੀ, ਜਿਸ ਵਿੱਚ 400 ਮੀਟਰ ਟਰੈਕ , 6 ਲੇਨ ਦੇ ਸਿੰਥੈਟਿਕ ਟਰੈਕ, ਨਵੇਂ ਪਵੈਲੀਅਨ ਬਲਾਕ, ਆਧੂਨਿਕ ਜਿੰਮ ਅਤੇ ਗਰਾਊਂਡਾਂ ਦੀ ਉਸਾਰੀ ਦਾ ਕੰਮ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਅਪਗ੍ਰੇਡੇਸ਼ਨ ਦਾ ਕੰਮ 9 ਮਹੀਨਿਆਂ ਵਿਚ ਪੂਰਾ ਕਰ ਲਿਆ ਜਾਵੇਗਾ। ਰਾਣਾ ਸੋਢੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਾਕੀ ਪ੍ਰਰੇਮੀਆਂ ਦੀ ਮੰਗ ਨੂੰ ਪੂਰਾ ਕਰਦਿਆਂ ਫਿਰੋਜ਼ਪੁਰ ਵਿਖੇ 5.5 ਕਰੋੜ ਦੀ ਲਾਗਤ ਨਾਲ ਹਾਕੀ ਦਾ ਐਸਟੋਟਰਫ ਲਗਵਾਇਆ ਜਾਵੇਗਾ, ਜੋ ਕਿ ਸ਼ਹੀਦੇ-ਏ-ਆਜ਼ਮ ਭਗਤ ਸਿੰਘ ਨੂੰ ਸਮਰਪਿਤ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ ਐਸਟੋਟਰਫ ਲਗਵਾਉਣ ਦਾ ਐਲਾਨ ਕੀਤਾ ਗਿਆ ਸੀ, ਜੋ ਕਿ ਸ਼ਹੀਦ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੈ।

ਉਨ੍ਹਾਂ ਕਿਹਾ ਕਿ ਰਾਜ ਦੇ ਖੇਡ ਵਿਭਾਗ ਵੱਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਅਤੇ ਕੋਮੀ ਤੇ ਕੌਮਾਂਤਰੀ ਪੱਧਰ ਦੇ ਖਿਡਾਰੀ ਪੈਦਾ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਜਿਸ ਤਹਿਤ ਜਿੱਥੇ ਪੰਜਾਬ ਸਰਕਾਰ ਵੱਲੋਂ ਖੇਡ ਇਨਾਮਾਂ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ , ਉੱਥੇ ਹੀ ਕੋਮੀ ਤੇ ਕੌਮਾਂਤਰੀ ਪੱਧਰ ਦੇ ਖਿਡਾਰੀਆਂ ਨੂੰ ਸਰਕਾਰੀ ਨੋਕਰੀਆਂ ਦੇਣ ਦੇ ਵੀ ਉਪਰਾਲੇ ਕੀਤੇ ਗਏ ਹਨ।

ਇਸ ਮੌਕੇ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ, ਸੀਨੀਅਰ ਕਾਂਗਰਸੀ ਆਗੂ ਅਨੁਮੀਤ ਸਿੰਘ ਹੀਰਾ ਸੋਢੀ, ਰਵਿੰਦਰ ਸਿੰਘ ਅਰੋੜਾ ਐਸ.ਡੀ.ਐਮ ,ਵੇਦ ਪ੍ਰਕਾਸ਼ ਕੰਬੋਜ ਚੇਅਰਮੈਨ ਮਾਰਕੀਟ ਕਮੇਟੀ ਗੁਰੂਹਰਸਹਾਏ ,ਐਕਸੀਅਨ ਸੰਜੇ ਮਹਾਜਨ ਖੇਡ ਵਿਭਾਗ, ਸੁਨੀਲ ਸ਼ਰਮਾ ਜ਼ਿਲ੍ਹਾ ਖੇਡ ਅਫ਼ਸਰ,ਮੈਡਮ ਨੀਲਮ ਤਹਿਸੀਲਦਾਰ, ਗੁਰਦੀਪ ਸਿੰਘ ਿਢੱਲੋ,ਅੰਮਿ੍ਤਪਾਲ ਸਿੰਘ, ਨਸੀਬ ਸਿੰਘ ਸੰਧੂ, ਦਵਿੰਦਰ ਜੰਗ, ਪ੍ਰਧਾਨ ਆੜਤੀਆ ਐਸੋਸੀਏਸ਼ਨ ਰਵੀ ਸ਼ਰਮਾ, ਅੰਗਰੇਜ ਸਿੰਘ, ਬਲਕਾਰ ਸਿੰਘ, ਵਿੱਕੀ ਸੰਧੂ, ਸੋਹਣ ਸਿੰਘ ਚੇਅਰਮੈਨ ਬਲਾਕ ਸਮਿਤੀ, ਨਛੱਤਰ ਸਿੰਘ, ਕੁਲਦੀਪ ਧਵਨ, ਦੀਪੂ ਨਰੂਲਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ, ਇਲਾਕਾ ਨਿਵਾਸੀ ਹਾਜ਼ਰ ਸਨ।