ਸਤਪਾਲ ਕੰਬੋਜ, ਆਸਫਵਾਲਾ : ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਬਲਾਕ ਫਾਜ਼ਿਲਕਾ ਵੱਲੋਂ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬਲਾਕ ਪ੍ਰਧਾਨ ਰੇਸ਼ਮਾ ਰਾਣੀ ਦੀ ਅਗਵਾਈ ਹੇਠ ਫਾਜ਼ਿਲਕਾ ਦੇ ਬੱਤਿਆ ਵਾਲੇ ਚੌਕ ਨੂੰ ਜਾਮ ਕਰਕੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਗਏ। ਇਸ ਮੌਕੇ ਬਲਾਕ ਫਾਜ਼ਿਲਕਾ ਦੇ ਵੱਡੀ ਗਿਣਤੀ 'ਚ ਵਰਕਰਾਂ 'ਤੇ ਹੈਲਪਰਾ ਨੇ ਸ਼ਮੂਲੀਅਤ ਕੀਤੀ ਤੇ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਬਲਾਕ ਪ੍ਰਧਾਨ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਪਿਛਲੇ 45 ਸਾਲ ਤੋਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦਾ ਸ਼ੋਸ਼ਣ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜ਼ਮ ਨਹੀਂ ਐਲਾਨਿਆ ਜਾ ਰਿਹਾ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਪ੍ਰਰੀ ਨਰਸਰੀ ਟੀਚਰਾਂ ਦੀਆਂ ਪੋਸਟਾਂ ਭਰ ਰਹੀਂ ਹੈ, ਜਿਸ ਵਿਚ ਪੰਜਾਬ ਸਰਕਾਰ ਪਹਿਲ ਦੇ ਅਧਾਰ 'ਤੇ ਆਂਗਣਵਾੜੀ ਵਰਕਰਾਂ ਨੂੰ ਪ੍ਰਰੀ ਨਰਸਰੀ ਟੀਚਰ ਦਾ ਦਰਜ਼ਾ ਦਿੱਤਾ ਜਾਵੇ, ਕਿਉਂਕਿ ਆਂਗਨਵਾੜੀ ਵਰਕਰ ਪਿਛਲੇ 45 ਸਾਲਾਂ ਤੋਂ 3 ਸਾਲ ਤੋਂ ਲੈ ਕੇ 6 ਸਾਲ ਦੇ ਬੱਚਿਆਂ ਨੂੰ ਪ੍ਰਰੀ ਸਕੂਲ ਐਜੂਕਸ਼ਨ ਦੇ ਰਹੇ ਹਨ। ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡੇ ਵਿੱਚੋਂ ਬਹੁਤ ਸਾਰੀਆਂ ਵਰਕਰਾਂ ਉੱਚ ਵਿੱਦਿਆ ਪ੍ਰਰਾਪਤ ਹਨ ਤੇ ਕਈਆਂ ਨੇ ਡਿਗਰੀਆਂ , ਡਿਪਲੋਮੇ ਵੀ ਕੀਤੇ ਹੋਏ ਹਨ, ਉਨ੍ਹਾਂ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਰਕਾਰਾਂ ਨੇ ਪਹਿਲਾਂ ਹੀ ਕੋਝੀਆਂ ਚਾਲਾਂ ਚੱਲਦਿਆਂ ਆਂਗਨਵਾੜੀ ਸੈਂਟਰਾਂ ਦੇ ਬੱਚੇ ਸਾਡੇ ਕੋਲ ਖੋਹ ਲਏ ਹਨ ਤੇ ਹੁਣ ਪ੍ਰਰੀ ਨਰਸਰੀ ਟੀਚਰ ਦਾ ਦਰਜ਼ਾ ਨਾ ਦੇ ਕੇ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਜਿਨਾਂ ਸਮਾਂ ਵਰਕਰਾਂ ਅਤੇ ਹੈਲਪਰਾ ਨੂੰ ਉਨਾਂ ਦੇ ਬਣਦੇ ਹੱਕ ਨਹੀਂ ਮਿਲਦੇ ਜੱਥੇਬੰਦੀ ਇਸੇ ਤਰ੍ਹਾਂ ਪੂਰੇ ਪੰਜਾਬ 'ਚ ਆਪਣਾ ਸੰਘਰਸ਼ ਜਾਰੀ ਰੱਖੇਗੀ। ਇਸ ਮੌਕੇ ਸੁਮਿੱਤਰਾ ਰਾਣੀ , ਸੀਤਾ ਰਾਣੀ , ਸੁਨੀਤਾ ਰਾਣੀ, ਸ਼ੀਲਾ ਰਾਣੀ , ਊਸ਼ਾ ਰਾਣੀ , ਪ੍ਰਕਾਸ਼ ਕੌਰ, ਜੋਤੀ ਫਾਜ਼ਿਲਕਾ, ਕਰਮਜੀਤ ਕੌਰ, ਚਰਨਜੀਤ ਕੌਰ, ਸਤਵੀਰ ਕੌਰ, ਸੰਦੀਪ ਕੌਰ ਤੇ ਹੋਰ ਕਈ ਮੈਂਬਰ ਹਾਜ਼ਰ ਸਨ।