ਸਟਾਫ ਰਿਪੋਰਟਰ, ਫਾਜ਼ਿਲਕਾ : ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਆਪਣੀ ਫਸਲ ਮੰਡੀਆਂ ਅੰਦਰ ਲੈਕੇ ਆਉਣਗੇ ਤਾਂ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਸਬੰਧੀ ਜਦੋਂ ਪੱਤਰਕਾਰ ਨੇ ਦੇ ਮੰਡੀ ਦਾ ਦੌਰਾ ਕਰਕੇ ਕਿਸਾਨ ਫ਼ਲਕ ਸਿੰਘ ਅਤੇ ਕਿਸਾਨ ਰਾਧਾ ਕਿਸ਼ਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਮੰਡੀ ਅੰਦਰ ਆਪਣੀ ਪਰਮਲ ਝੋਨੇ ਦੀ ਫ਼ਸਲ ਲੈਕੇ ਆਏ ਹਨ, ਪਰ ਹਾਲੇ ਤਕ ਕੋਈ ਅਧਿਕਾਰੀ ਉਨ੍ਹਾਂ ਦੀ ਫਸਲ ਖਰੀਦਣ ਲਈ ਨਹੀਂ ਆਇਆ ਜਿਸ ਕਰਕੇ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੰਡੀ 'ਚ ਸਫ਼ਾਈ ਨੂੰ ਲੈਕੇ ਕੋਈ ਪੁਖਤਾ ਪ੍ਰਬੰਧ ਨਹੀਂ ਹਨ ਅਤੇ ਨਾ ਹੀ ਪੀਣ ਵਾਲਾ ਪਾਣੀ ਦਾ ਕੋਈ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੂਰੀ ਮੰਡੀ ਦੇ ਅੰਦਰ ਜੋ ਸਰਕਾਰੀ ਸ਼ੈੱਡ ਬਣੇ ਹੋਏ ਹਨ ਉਨ੍ਹਾਂ ਦੇ ਅੰਦਰ ਲੋਕਾਂ ਨੇ ਆਪਣੇ ਟਰੱਕ ਟਰੈਕਟਰ ਟਰਾਲੀਆਂ ਆਦਿ ਖੜ੍ਹੇ ਕੀਤੇ ਹੋਏ ਹਨ। ਕਿਸਾਨਾਂ ਨੇ ਦੱਸਿਆ ਕਿ ਜੇਕਰ ਮੌਸਮ ਖ਼ਰਾਬ ਹੁੰਦਾ ਹੈ ਤਾਂ ਅਸੀਂ ਆਪਣੀ ਫਸਲ ਕਿੱਥੇ ਲੈਕੇ ਜਾਵਾਂਗੇ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਫਸਲ ਨੂੰ ਜਲਦ ਤੋਂ ਜਦਲ ਖਰਿਦਿਆਂ ਜਾਵੇ ਅਤੇ ਮੰਡੀ ਅੰਦਰ ਪੁਖਤਾ ਪ੍ਰਬੰਧ ਕੀਤੇ ਜਾਣ।

-------------

ਕੀ ਕਹਿਣਾ ਹੈ ਜ਼ਿਲ੍ਹਾ ਮੰਡੀ ਅਫਸਰ ਫਾਜ਼ਿਲਕਾ ਦਾ

ਇਸ ਸਬੰਧੀ ਜਦੋਂ ਜ਼ਿਲ੍ਹਾ ਮੰਡੀ ਅਫਸਰ ਫਾਜ਼ਿਲਕਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ 2 ਅਕਤੂਬਰ ਤੋਂ ਬੋਲੀ ਸ਼ੁਰੂ ਹੋ ਜਾਵੇਗੀ ਅਤੇ ਮੰਡੀ 'ਚ ਖੜ੍ਹੇ ਟਰੱਕ ਟਰੈਕਟਰ ਟਰਾਲੀਆਂ ਨੂੰ ਬਾਹਰ ਕੱਢਣ ਦੇ ਲਈ ਟਰੱਕ ਯੂਨੀਅਨ ਨੂੰ ਸਾਡੇ ਵੱਲੋਂ ਕਹਿ ਦਿੱਤਾ ਗਿਆ ਹੈ।