ਸੋਮ ਪ੍ਰਕਾਸ਼,ਜਲਾਲਾਬਾਦ : ਸ਼ਹਿਰ ਦੇ ਟਾਂਗੇਵਾਲਾ ਚੌਂਕ 'ਚ ਰੇਲਵੇ ਬਾਜ਼ਾਰ 'ਚ ਇਕ ਬੇਕਰੀ 'ਚ ਅੱਗ ਲੱਗਣ ਨਾਲ ਅੰਦਰ ਪਿਆਂ ਲੱਖਾਂ ਦਾ ਸਮਾਨ ਸੜਕੇ ਸੁਆਹ ਹੋ ਗਿਆ। ਹਾਲਾਂਕਿ ਅੱਗ ਲੱਗਣ ਦੀ ਸੂਚਨਾ ਤੋਂ ਬਾਅਦ ਅੱਧੇ ਘੰਟੇ ਬਾਅਦ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਪਹੁੰਚ ਗਈਆਂ ਪਰ ਇਸ ਦੌਰਾਨ ਅੰਦਰ ਪਿਆ ਬੇਕਰੀ ਨਾਲ ਸਬੰਧਤ ਸਾਮਾਨ ਬੁਰੀ ਤਰ੍ਹਾਂ ਅੱਗ ਦੀ ਭੇਟ ਚੜ੍ਹ ਗਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਰਹੇਜਾ ਬੇਕਰੀ ਦੇ ਸੰਚਾਲਕ ਪ੍ਰਰੇਮ ਰਹੇਜਾ ਤੇ ਵਿਜੇ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਕਰੀਬ 2 ਵਜੇ ਅਚਾਨਕ ਬਿਜਲੀ ਚਲੀ ਗਈ ਉਸ ਤੋਂ 3 ਤੇ 4 ਵਜੇ ਦੇ ਵਿਚਕਾਰ ਬਿਜਲੀ ਆਈ ਤੇ ਇਕ ਜੋਰਦਾਰ ਆਵਾਜ ਸੁਣਾਈ ਦਿੱਤੀ ਪਰ ਉਨ੍ਹਾਂ ਨੂੰ ਅੱਗ ਦੀ ਜਾਣਕਾਰੀ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਹਰ ਰੋਜ ਦੀ ਤਰ੍ਹਾਂ ਸਵੇਰੇ 3.30 ਵਜੇ ਬਰੈਡ ਵਾਲੀ ਗੱਡੀ ਪਹੁੰਚੀ ਤਾਂ ਉਨ੍ਹਾਂ ਨੇ ਸਾਨੂੰ ਜਗਾ ਕੇ ਦੱਸਿਆ ਕਿ ਦੁਕਾਨ ਦੇ ਅੰਦਰੋਂ ਧੂਆਂ ਨਿਕਲ ਰਿਹਾ ਹੈ। ਉਨ੍ਹਾਂ ਨੇ ਅੱਗ ਲੱਗਣ ਦਾ ਰੌਲਾ ਪਾਇਆ ਤਾਂ ਆਸ-ਪਾਸ ਦੇ ਲੋਕ ਇਕੱਠੇ ਹੋਏ ਜਿਸ ਤੋਂ ਬਾਅਦ ਪੀਸੀਆਰ ਦੇ ਕਰਮਚਾਰੀ ਮੌਕੇ 'ਤੇ ਪਹੁੰਚੇ । ਉਨ੍ਹਾਂ ਦੱਸਿਆ ਕਿ ਅੱਗ ਦੇ ਨਾਲ ਲਾਲ ਹੋ ਚੁੱਕੇ ਸ਼ਟਰ ਨੂੰ ਲੋਹੇ ਦੀਆਂ ਪਾਇਪਾਂ ਨਾਲ ਤੋੜਿਆ ਤਾਂ ਅੰਦਰ ਦਾਖਲ ਹੋਣ 'ਤੇ ਅੱਗ ਪੂਰੀ ਤਰ੍ਹਾਂ ਫੈਲ ਚੁੱਕੀ ਸੀ ਅਤੇ ਸਾਮਾਨ ਅੱਗ ਦੀ ਚਪੇਟ 'ਚ ਆ ਗਿਆ ਅਤੇ ਇਹ ਹੀ ਨਹੀਂ ਅੱਗ ਉਨ੍ਹਾਂ ਦੇ ਘਰ ਤੱਕ ਵੀ ਪਹੁੰਚ ਗਈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਲੋਕਲ ਫਾਇਰ ਬਿਗ੍ਰੇਡ ਨੂੰ ਸੂਚਿਤ ਕੀਤਾ ਤਾਂ ਉਨ੍ਹਾਂ ਦਾ ਨੰਬਰ ਬੰਦ ਸੀ ਅਤੇ ਜਿਸ ਤੋਂ ਬਾਅਦ ਥਾਣਾ ਸਿਟੀ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ ਤਾਂ ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ ਤੇ ਫਿਰ ਜਲਾਲਾਬਾਦ ਫਾਇਰ ਬਿਗ੍ਰੇਡ ਵੀ ਮੌਕੇ 'ਤੇ ਪਹੁੰਚ ਗਈ। ਪੀੜਤ ਦੁਕਾਨਦਾਰ ਨੇ ਦੱਸਿਆ ਕਿ ਉਨ੍ਹਾਂ ਕੋਲ ਬੇਕਰੀ ਤੋਂ ਇਲਾਵਾ ਕਈ ਹੋਰ ਏਜੰਸੀਆਂ ਵੀ ਸਨ ਜੋ ਅਸੀਂ ਬਾਜਾਰ 'ਚ ਹੋਲਸੇਲ ਦਾ ਕੰਮ ਕਰਕੇ ਦੁਕਾਨਦਾਰਾਂ ਨੂੰ ਮਾਲ ਸਪਲਾਈ ਕਰਦੇ ਹਾਂ। ਉਨ੍ਹਾਂ ਦੱਸਿਆ ਕਿ ਇਸ ਘਟਨਾ 'ਚ ਬੇਕਰੀ ਨਾਲ ਸਬੰਧਤ ਬ੍ਰੈਡ, ਡਰਾਈਫਰੂਟ, ਕੋਲਡਡਿ੍ੰਕਸ, ਜੂਸ, ਬਿਸਕੁਟ ਤੇ ਫਰਿੱਜਾਂ ਤੇ ਫਰਨੀਚਰ ਹੋਰ ਸਾਮਾਨ ਪੂਰੀ ਤਰ੍ਹਾਂ ਅੱਗ ਦੀ ਭੇਟ ਚੜ੍ਹ ਕੇ ਸੁਆਹ ਹੋ ਗਿਆ। ਉਨ੍ਹਾਂ ਦੱਸਿਆ ਕਿ ਦੁਕਾਨ ਦੇ ਗੱਲੇ 'ਚ ਕੈਸ਼ ਵੀ ਮੌਜੂਦ ਸੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੌਰਾਨ ਪੀਸੀਆਰ ਤੇ ਆਸ-ਪਾਸ ਲੋਕਾਂ ਨੇ ਅੱਗ ਬੁਝਾਉਣ 'ਚ ਪੂਰਾ ਸਾਥ ਦਿੱਤਾ ਹੈ।