ਸਚਿਨ ਮਿੱਢਾ,ਜਲਾਲਾਬਾਦ : ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਖੇਤੀਬਾੜੀ ਬਿੱਲ ਤੇ ਬਿਜਲੀ ਸੋਧ ਬਿੱਲ 2020 ਨੰੂ ਰੱਦ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਦੀਆਂ 31 ਕਿਸਾਨ ਤੇ ਕਿਸਾਨ ਹਿਤੈਸ਼ੀ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੇ ਦਿੱਤੇ ਸੱਦੇ ਦੇ ਤਹਿਤ ਸਥਾਨਕ ਸ਼ਹਿਰ ਦੀ ਅਨਾਜ ਮੰਡੀ ਦੇ ਗੇਟ ਮੁੰਹਰੇ ਭਾਰਤੀਯ ਕਿਸਾਨ ਏਕਤਾ ਵੱਲੋਂ ਰੋਸ ਧਰਨਾ ਦਿੱਤਾ ਗਿਆ। ਕਿਸਾਨਾਂ ਨੇ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਤੇ ਅਕਾਲੀ-ਭਾਜਪਾ ਗਠਬੰਧਨ ਦੇ ਖਿਲਾਫ ਨਾਅਰੇਬਾਜੀ ਕੀਤੀ। ਰੋਸ ਧਰਨੇ ਦੀ ਅਗਵਾਈ ਬਲਾਕ ਪ੍ਰਧਾਨ ਹਰਮੀਤ ਸਿੰਘ ਢਾਬਾਂ ਤੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਮੰਨੇਵਾਲਾ ਨੇ ਕੀਤੀ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਤਿੰਨੋ ਖੇਤੀਬਾੜੀ ਬਿੱਲ ਤੇ ਬਿਜਲੀ ਏਕਟ 2020 ਨੂੰ ਰੱਦ ਕਰੇ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਖੇਤੀਬਾੜੀ ਬਿੱਲ ਲਿਆ ਕੇ ਵਪਾਰੀਆਂ ਨੂੰ ਕਿਸਾਨਾਂ ਦੀ ਖੁੱਲੀ ਲੁੱਟ ਦਾ ਲਾਇਸੰਸ ਦੇਣਾ ਚਾਹੁੰਦੀ ਹੈ ਜਦਕਿ ਕਿਸਾਨ ਅਜਿਹਾ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦੇਣਗੇ। ਇਸ ਤੋਂ ਇਲਾਵਾ ਸ਼ਹਿਰ ਮੁਕੰਮਲ ਤੌਰ 'ਤੇ ਬੰਦ ਰਿਹਾ। ਇਸ ਤੋਂ ਇਲਾਵਾ ਰੋਸ ਪ੍ਰਦਰਸ਼ਨ 'ਚ ਐਸਸੀਬੀਸੀ ਕਰਜਾ ਮੁਕਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਰਾਜਪੂਤ,ਜਲ ਸਪਲਾਈ ਯੂਨੀਅਨ ਜਸਵਿੰਦਰ ਸਿੰਘ, ਪੰਜਾਬ ਟੈਕਸੀ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ, ਪਾਵਰਕਮ ਐਂਡ ਟਰਾਸਕੋ ਦੀ ਜ਼ਿਲ੍ਹਾ ਲੀਡਰਸ਼ਿਪ, ਐਂਟੀਕੁਰੱਪਸ਼ਨ ਸੁਸਾਇਟੀ ਦੇ ਚੇਅਰਮੈਨ ਅਸ਼ੋਕ ਕੰਬੋਜ, ਕਿੰਨਰ ਯੂਨੀਅਨ, ਆੜ੍ਹਤੀਆ ਯੂਨੀਅਨ ਦੇ ਆਗੂ ਚੰਦਰ ਖੈਰੇਕੇ, ਆਪ ਪਾਰਟੀ ਵੱਲੋਂ ਜਗਦੀਪ ਕੰਬੋਜ ਗੋਲਡੀ ਤੇ ਸਾਬਕਾ ਜੰਗਲਾਤ ਮੰਤਰੀ ਹੰਸ ਰਾਜ ਜੋਸਨ, ਮਦਨ ਕਾਠਗੜ੍ਹ, ਜਰਨੈਲ ਸਿੰਘ ਤੇ ਹੋਰ ਜਥੇਬੰਦੀਆਂ ਦੇ ਆਗੂ ਵੀ ਸੜਕਾਂ ਤੇ ਆਏ । ਇਸ ਤੋਂ ਇਲਾਵਾ ਮਜਦੂਰ ਯੂਨੀਅਨ, ਵਪਾਰ ਮੰਡਲ ਤੇ ਕੈਮਿਸਟ ਐਸੋਸੀਏਸ਼ਨ ਨੇ ਬੰਦ ਦਾ ਸਮਰਥਨ ਕੀਤਾ ਅਤੇ ਧਰਨੇ 'ਚ ਸ਼ਾਮਲ ਹੋਏ। ਉਧਰ ਬੰਦ ਦੇ ਸੱਦੇ ਤੇ ਕਿਸਾਨਾਂ ਦੇ ਪੱਖ 'ਚ ਭਾਰਤੀਯ ਕੰਮਿਊਨਿਸਟ ਪਾਰਟੀ ਵਲੋਂ ਕਾ. ਹੰਸ ਰਾਜ ਗੋਲਡਨ ਤੇ ਸੁਰਿੰਦਰ ਢੰਡੀਆ ਦੀ ਅਗਵਾਈ ਹੇਠ ਬੀਐਸਐਫ ਦੇ ਸਾਮ੍ਹਣੇ ਰੋਸ਼ ਧਰਨਾ ਦਿੱਤਾ। ਉਧਰ ਪੁਲਿਸ ਪ੍ਰਸ਼ਾਸਨ ਵੱਲੋਂ ਬੰਦ ਦੇ ਸੱਦੇ ਤੇ ਰੋਸ ਪ੍ਰਦਰਸ਼ਨ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਗਏ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਓਐਸਡੀ ਸਤਿੰਦਰਜੀਤ ਸਿੰਘ ਮੰਟਾ ਦੀ ਅਗਵਾਈ ਹੇਠ ਰੋਸ਼ ਧਰਨਾ ਦਿੱਤਾ ਗਿਆ ਅਤੇ ਕੇਂਦਰ ਵੱਲੋਂ ਲਿਆਦੇ ਗਏ ਖੇਤੀਬਾੜੀ ਬਿੱਲ ਦੀ ਵਿਰੋਧਤਾ ਕੀਤੀ ਗਈ।