ਸਟਾਫ ਰਿਪੋਰਟਰ, ਫਾਜ਼ਿਲਕਾ : ਪੰਜਾਬ ਅਚੀਵਮੈਂਟ ਸਰਵੇ ਦੇ ਚੱਲਦਿਆਂ ਵਿਦਿਆਰਥੀਆਂ ਦੇ ਲਏ ਗਏ ਵੱਖ-ਵੱਖ ਵਿਸ਼ਿਆ ਦੀ ਕਾਰਗੁਜ਼ਾਰੀ ਟੈਸਟਾਂ ਬਾਰੇ ਮਾਪਿਆਂ ਨੂੰ ਜਾਣਕਾਰੀ ਦੇਣ ਲਈ ਸਿੱਖਿਆ ਵਿਭਾਗ ਵੱਲੋਂ ਅਧਿਆਪਕ ਮਾਪੇ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੈਕੰਡਰੀ ਸਿੱਖਿਆ ਅਧਿਕਾਰੀ ਡਾ. ਤਿ੍ਲੋਚਨ ਸਿੰਘ ਸਿੱਧੂ ਨੇ ਦੱਸਿਆ ਕਿ ਮੇਰੇ ਵੱਲੋਂ ਮੀਟਿੰਗ ਦੀ ਫੀਡਬੈਕ ਲਈ ਸਕੂਲਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਇਸ 'ਚ ਸਰਕਾਰੀ ਹਾਈ ਸਕੂਲ ਰੁਹੇੜਿਆਂ ਵਾਲੀ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਬੋਹਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਤਰੇਵਾਲਾ ਸ਼ਾਮਿਲ ਹਨ। ਇਸ ਮੌਕੇ ਮੌਜੂਦ ਸਟਾਫ ਅਤੇ ਮਾਪਿਆਂ ਨਾਲ ਗੱਲਬਾਤ ਕੀਤੀ ਗਈ ਜਿਸ ਤੇ ਉਨ੍ਹਾਂ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਪੜਾਈ ਨੂੰ ਲੈ ਕੇ ਕੀਤੇ ਜਾ ਰਹੇ ਵੱਖ ਵੱਖ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਹੁਣ ਤੱਕ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟੀ ਜ਼ਾਹਰ ਕੀਤੀ।

ਡਾ. ਸਿੱਧੂ ਨੇ ਦੱਸਿਆ ਕਿ ਅਧਿਆਪਕ ਜਿੱਥੇ ਫੋਨ ਕਾਲ,ਵੱਖ ਵੱਖ ਐਪਸ ਰਾਹੀਂ ਆਨਲਾਈਨ ਮੀਟਿੰਗ ਕਰਕੇ ਮਾਪਿਆਂ ਨੂੰ ਪੰਜਾਬ ਅਚੀਵਮੈਂਟ ਸਰਵੇ, ਬੱਚਿਆਂ ਦੀ ਪ੍ਰਗਤੀ ਰਿਪੋਰਟ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਲੈ ਕੇ ਕੀਤੇ ਜਾ ਰਹੇ ਵੱਖ ਵੱਖ ਉਪਰਾਲਿਆਂ ਤੋਂ ਮਾਪਿਆਂ ਨੂੰ ਜਾਣੂ ਕਰਵਾ ਰਹੇ ਹਨ, ਉੱਥੇ ਹੀ ਘਰ-ਘਰ ਜਾ ਕੇ ਨਿੱਜੀ ਮਿਲਣੀ ਰਾਹੀਂ ਵੀ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਸਬੰਧੀ ਜਾਣਕਾਰੀ ਦਿੱਤੀ। ਹੋਰ ਜਾਣਕਾਰੀ ਦਿੰਦਿਆਂ ਡਾ. ਸਿੱਧੂ ਨੇ ਦੱਸਿਆ ਕਿ ਨਿਰੀਖਣ ਦੌਰਾਨ ਸਕੂਲਾਂ ਵਿੱਚ ਚੱਲ ਰਹੇ ਵੱਖ ਵੱਖ ਕੰਮਾਂ ਜਿਸ ਵਿਚ ਖਾਸ ਤੌਰ 'ਤੇ ਸਿਵਲ ਵਰਕਸ ਦੀ ਪ੍ਰਗਤੀ ਨੂੰ ਚੈੱਕ ਕੀਤਾ ਗਿਆ ਅਤੇ ਹਰ ਕੰਮ ਨੂੰ ਸਮੇਂ ਸਿਰ ਨੇਪਰੇ ਚੜ੍ਹਾਉਣ ਲਈ ਸਕੂਲ ਮੁਖੀਆਂ ਅਤੇ ਮੌਕੇ 'ਤੇ ਮੌਜੂਦ ਸਟਾਫ ਨੂੰ ਹਦਾਇਤਾਂ ਵੀ ਦਿੱਤੀਆਂ ਗਈਆਂ ।