ਅਰੁਜਨ ਮੁੰਜ਼ਾਲ, ਗੁਰੂਹਰਸਹਾਏ : ਗੁਰੂਹਰਸਹਾਏ ਦੇ ਅਧੀਨ ਆਉਂਦੇ ਪਿੰਡ ਕਰੀ ਕਲਾਂ (ਕਰੀਆਂ) ਦੇ ਖੇਤਾਂ ਵਿਚ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਧਾਵਾ ਬੋਲਦੇ ਹੋਏ ਟਿਊਬਵੈੱਲ ਕੁਨੈਕਸ਼ਨਾਂ ਨੂੰ ਬਿਜਲੀ ਮੁਹੱਈਆ ਕਰਵਾਉਣ ਵਾਲੇ 3 ਟਰਾਂਸਫ਼ਾਰਮਰਾਂ 'ਚੋਂ ਤੇਲ ਚੋਰੀ ਕਰ ਲਿਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਕਿਸਾਨ ਮਨਜੀਤ ਸਿੰਘ ਪੰਨੂ ਸਾਬਕਾ ਸਰਪੰਚ, ਗੁਰਪ੍ਰਰੀਤ ਸਿੰਘ ਪੰਨੂ, ਹਰਵਿੰਦਰ ਸਿੰਘ ਸੰਧੂ, ਚੰਨਪ੍ਰਰੀਤ ਪੰਨੂ, ਗੋਰਾ ਪੰਨੂ, ਸਾਰਜ ਪੰਨੂ, ਗੁਰਜੰਟ ਪੰਨੂ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਵਿਚ ਲੱਗੇ ਵੱਖ-ਵੱਖ ਤਿੰਨ ਟਰਾਂਸਫ਼ਾਰਮਰਾਂ ਦਾ ਤੇਲ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਚੋਰੀ ਕਰ ਲਿਆ। ਇਸ ਵਾਰਦਾਤ ਦਾ ਪਤਾ ਉਨ੍ਹਾਂ ਨੂੰ ਅੱਜ ਸਵੇਰੇ ਉਸ ਸਮੇਂ ਲੱਗਾ, ਜਦੋਂ ਉਹ ਖੇਤ ਪਹੁੰਚੇ ਤੇ ਵੇਖਿਆ ਕਿ ਖੇਤਾਂ ਵਿਚ ਲੱਗੇ ਵੱਖ-ਵੱਖ ਤਿੰਨ ਟਰਾਂਸਫ਼ਾਰਮਰਾਂ 'ਚੋਂ ਕੀਮਤੀ ਤੇਲ ਗ਼ਾਇਬ ਸੀ। ਕਿਸਾਨਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਉਹ ਪਹਿਲਾਂ ਵੀ ਕਈ ਵਾਰ ਚੋਰੀ ਦੀਆਂ ਵਾਰਦਾਤਾਂ ਦੇ ਸ਼ਿਕਾਰ ਹੋ ਚੁੱਕੇ ਹਨ, ਪਰ ਪੁਲਿਸ ਪ੍ਰਸ਼ਾਸਨ ਸਬੰਧਤ ਚੋਰਾਂ ਨੂੰ ਕਾਬੂ ਕਰਨ ਵਿਚ ਅਸਫਲ ਰਿਹਾ ਹੈ, ਨਤੀਜੇ ਵਜੋਂ ਦੁਬਾਰਾ ਫਿਰ ਕਿਸਾਨਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਕਿਸਾਨਾਂ ਨੇ ਚੋਰਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ।