ਪਰਮਿੰਦਰ ਸਿੰਘ ਥਿੰਦ, ਫਿਰੋਜ਼ਪਰ : ਜਲ ਸਪਲਾਈ ਕੰਟਰੈਕਟ ਵਰਕਰ ਯੂਨੀਅਨ ਦੇ ਮੰਗ ਪੱਤਰ ਵਿਚ ਦਰਜ ਤਮਾਮ ਮੰਗਾਂ ਦਾ ਤੁਰੰਤ ਹੱਲ ਕਰਨ ਲਈ ਪੰਜਾਬ ਸਰਕਾਰ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਮੈਨੇਜਮੈਂਟ ਨਾਲ ਹੋਈਆਂ ਮੀਟਿੰਗਾਂ ਵਿਚ ਕੀਤੇ ਫ਼ੈਸਲੇ ਲਾਗੂ ਨਾ ਕਰਨ ਦੇ ਰੋਸ ਵਜੋਂ 21 ਅਗਸਤ ਨੂੰ ਪਟਿਆਲਾ 'ਚ ਮੋਰਚੇ ਲਗਾਉਣ ਦੀ ਤਿਆਰੀ ਸਬੰਧੀ ਫਿਰੋਜ਼ਪੁਰ ਦੇ ਵਰਕਰਾਂ ਨਾਲ ਬਲਾਕ ਘੱਲ ਖੁਰਦ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਪਿਆਰੇਆਣਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਰੁਪਿੰਦਰ ਸਿੰਘ ਮੀਤ ਪ੍ਰਧਾਨ ਪੰਜਾਬ ਨੇ ਦੱਸਿਆ ਕਿ 21 ਅਗਸਤ ਨੂੰ ਜਲ ਸਪਲਾਈ ਕੰਟਰੈਕਟ ਵਰਕਰ ਪੰਜਾਬ ਸਰਕਾਰ ਤੇ ਵਿਭਾਗ ਦੇ ਨਾਲ ਆਰ ਪਾਰ ਦੀ ਲੜਾਈ ਲੜਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਇਹ ਧਰਨਾ ਜਲ ਸਪਲਾਈ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਹੈ। ਪੰਜਾਬ ਸਰਕਾਰ ਜਲ ਘਰਾਂ ਦਾ ਨਿੱਜੀਕਰਨ ਕਰ ਰਹੀ ਹੈ। ਪੰਜਾਬ ਸਰਕਾਰ ਤੇ ਨਾ ਹੀ ਵਿਭਾਗ ਨੇ ਵਰਕਰਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਬਲਕਾਰ ਸਿੰਘ ਪਿਆਰੇਆਨਾ ਨੇ ਦੱਸਿਆ ਕਿ ਠੇਕਾ ਮੁਲਾਜ਼ਮ ਵਰਕਰ ਕੋਰੋਨਾ ਵਰਗੀ ਭਿਆਨਕ ਬਿਮਾਰੀ ਦੇ ਕਹਿਰ ਵਿਚ ਵੀ ਬਿਨ੍ਹਾ ਕਿਸੇ ਡਰ ਦੇ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ, ਪਰ ਫਿਰ ਵੀ ਪੰਜਾਬ ਸਰਕਾਰ ਵੱਲੋਂ ਗ੍ਰਾਮ ਪੰਚਾਇਤਾਂ ਨੂੰ ਵਾਧੂ ਅਧਿਕਾਰ ਦੇ ਨਾਂ 'ਤੇ ਪੇਂਡੂ ਜਲ ਸਪਲਾਈ ਸਕੀਮਾਂ ਧੱਕੇ ਨਾਲ ਪੰਚਾਇਤਾਂ ਦੇ ਹਵਾਲੇ ਕਰਕੇ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਇਸ ਕਰਕੇ ਪੰਜਾਬ ਭਰ ਦੇ ਸਮੁੱਚੇ ਵਰਕਰ ਪਰਿਵਾਰਾਂ ਤੇ ਬੱਚਿਆਂ ਸਮੇਤ ਪਟਿਆਲੇ ਦੀ ਧਰਤੀ 'ਤੇ 21 ਅਗਸਤ ਨੂੰ ਲਗਾਤਾਰ ਅਣਮਿਥੇ ਸਮੇ ਲਈ ਧਰਨਾ ਲਗਾਇਆ ਜਾ ਰਿਹਾ ਹੈ ਅਤੇ ਸਮੁੱਚੇ ਵਰਕਰ ਆਪਣੀਆਂ ਮੰਗਾਂ ਮਨਵਾ ਕੇ ਹੀ ਉਸ ਧਰਨੇ ਤੋਂ ਉੱਠਣਗੇ। ਮੀਟਿੰਗ ਵਿੱਚ ਪ੍ਰਰੈੱਸ ਸਕੱਤਰ ਰਣਜੀਤ ਸਿੰਘ ਖਾਲਸਾ, ਹਰਜਿੰਦਰ ਸਿੰਘ ਮੋਮੀ ਜਰਨਲ ਸਕੱਤਰ, ਨਿਸ਼ਾਨ ਸਿੰਘ, ਸੁਖਦੇਵ ਸਿੰਘ, ਸੁਰਜੀਤ ਸਿੰਘ ਬਲਾਕ ਪ੍ਰਧਾਨ, ਬਲਜਿੰਦਰ ਸਿੰਘ, ਸਲਵਿੰਦਰ ਸਿੰਘ, ਪਰਵਿੰਦਰ ਸਿੰਘ ਰਾਜਾ, ਵਿਜੇ ਕੁਮਾਰ, ਸੁਖਚੈਨ ਸਿੰਘ, ਗੁਰਪਿੰਦਰ ਸਿੰਘ ਖਜ਼ਾਨਚੀ ਆਦਿ ਵਰਕਰ ਹਾਜ਼ਰ ਸਨ।