ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਸ਼ਹਿਰ ਦੇ ਕੇਂਦਰ ਵਿਚ ਪੈਂਦੇ ਸ਼ਹੀਦ ਉਧਮ ਸਿੰਘ ਚੌਂਕ ਨੂੰ ਘੰਟਾ ਘਰ ਚੌਂਕ ਬਣਾਉਣ ਦਾ ਮਾਮਲਾ ਭੱਖਦਾ ਹੀ ਜਾ ਰਿਹਾ ਹੈ। ਇਸ ਸਬੰਧੀ ਜਿਥੇ ਸ਼ਹੀਦਾਂ ਦੀ ਸੋਚ ਨੂੰ ਪ੍ਰਣਾਏ ਹਰ ਆਮ ਅਤੇ ਖਾਸ ਸ਼ਹਿਰੀ ਦੇ ਦਿਲ ਵਿਚ ਹਾਕਮਾਂ ਦੇ ਇਸ ਕਦਮ ਪ੍ਰਤੀ ਨਾਰਾਜਗੀ ਵੇਖਣ ਨੂੰ ਮਿਲ ਰਹੀ ਹੈ, ਉਥੇ ਸਿਆਸੀ ,ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਅੱਗੇ ਆ ਕੇ ਸ਼ਹੀਦ ਦੀ ਸ਼ਾਨ ਬਹਾਲ ਰੱਖਣ ਲਈ ਹਰ ਕੁਰਬਾਨੀ ਕਰਨ ਦਾ ਜਜ਼ਬਾ ਵਿਖਾਇਆ ਜਾ ਰਿਹਾ ਹੈ। ਸ਼ਹੀਦ ਉਧਮ ਸਿੰਘ ਚੌਂਕ ਨੂੰ 'ਕਲਾਕ ਟਾਵਰ' ਬਣਾਉਣ ਦੇ ਵਿਰੋਧ ਵਿਚ ਚੱਲ ਰਹੀ ਮੁਹਿੰਮ ਲਗਾਤਾਰ ਭਾਰੀ ਹੁੰਗਾਰਾ ਮਿਲ ਰਿਹਾ ਹੈ। ਇਸ ਸਬੰਧੀ ਹੁਣ ਨਸ਼ਿਆਂ ਖਿਲਾਫ ਲੜਾਈ ਲੜਣ ਵਾਲੇ ਤੇ ਸਮੇਂ-ਸਮੇਂ 'ਤੇ ਲੋਕਾਂ ਵਿਚ ਜਾਗਰੂਕਤਾ ਮੁਹਿੰਮ ਚਲਾਉਣ ਵਾਲੀ ਟੀਮ ਮਨਜਿੰਦਰ ਸਿੰਘ ਭੁੱਲਰ ਵੱਲੋਂ ਐਡਵੋਕੇਟ ਮਨਜਿੰਦਰ ਸਿੰਘ ਭੁੱਲਰ ਦੀ ਅਗਵਾਈ ਵਿਚ ਮਰਨ ਵਰਤ ਰੱਖਣ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਗੱਲਬਾਤ ਕਰਦਿਆਂ ਐਡਵੋਕੇਟ ਭੁੱਲਰ ਨੇ ਦੱਸਿਆ ਕਿ ਸਕਾਟਲੈਂਡ ਦੇ ਇੱਕ ਅਜਾਇਬ ਘਰ ਵਿਚ ਸ਼ਹੀਦ ਦੀ ਡਾਇਰੀ, ਪਿਸਤੌਲ ਦੀ ਗੋਲੀ ਅਤੇ ਹੋਰ ਵਸਤੂਆਂ ਨੂੰ ਪੂਰੀ ਤਰ੍ਹਾਂ ਸੰਭਾਲ ਕੇ ਰੱਖਿਆ ਗਿਆ ਹੈ ਅਤੇ ਅਸੀਂ ਇੰਨੇ ਗਿਰੇ ਹੋਏ ਅਤੇ ਗਏ ਗੁਜਰੇ ਹੋ ਗਏ ਹਾਂ ਕਿ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਸ਼ਹਿਰ ਵਿਚਲੇ ਇੱਕੋ ਇੱਕ ਚੌਂਕ ਨੂੰ ਵੀ ਢਹਿ ਢੇਰੀ ਕਰਨ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਕਿਸੇ ਵੀ ਕੀਮਤ 'ਤੇ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਮਿਤੀ 12 ਅਗਸਤ 2020 ਬੁੱਧਵਾਰ ਉਹ ਅਤੇ ਉਨ੍ਹਾਂ ਦੇ ਦੋ ਸਾਥੀ ਸੁਖਚੈਨ ਸਿੰਘ ਕੰਬੋਜ਼ ਅਤੇ ਮੌੜਾ ਸਿੰਘ ਅਣਜਾਨ ਸਰਕਾਰ ਦੀ ਇਸ ਕੋਝੀ ਹਰਕਤ ਖਿਲਾਫ ਮਰਨ ਵਰਤ 'ਤੇ ਬੈਠਣਗੇ।