ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਫਿਰੋਜ਼ਪੁਰ ਦੇ ਸ਼ਹੀਦ ਊਧਮ ਸਿੰਘ ਚੌਂਕ ਵਿਚ ਖੜ੍ਹੇ ਸ਼ਹੀਦ ਦੇ ਆਦਮ ਕੱਦ ਬੁੱਤ ਦੇ ਨਜਦੀਕ ਉਸੇ ਚੌਂਕ 'ਚ ਚੁੱਪ ਚੁਪੀਤੇ ਬਣਾਏ ਜਾ ਰਹੇ 50 ਫੁੱਟ ਦੇ ਇਕ ਘੰਟਾ ਘਰ ਦੀ ਖ਼ਬਰ ਛੱਪਦਿਆਂ ਹੀ ਚੁਫੇਰੇ ਰੌਲਾ ਪੈ ਗਿਆ। ਇਸ ਸਬੰਧੀ ਜਿਥੇ ਸ਼ਹੀਦ ਦਾ ਨਾਮ ਲੇਵਾ ਸੰਗਤ ਵੱਲੋਂ ਇਸ ਨੂੰ ਸ਼ਹੀਦ ਦੀ ਪਹਿਚਾਣ ਖਤਮ ਕਰਨ ਦੀ ਇਕ ਸਾਜਿਸ਼ ਦੱਸਿਆ ਜਾ ਰਿਹਾ ਹੈ, ਉਥੇ ਆਮ ਬੁੱਧੀਜੀਵੀ ਵੀ ਇਹ ਸੋਚਣ ਲਈ ਮਜਬੂਰ ਹੋ ਰਹੇ ਹਨ ਕਿ ਅਜਿਹੀ ਕੀ ਮਜਬੂਰੀ ਹੈ ਜੋ ਹਾਕਮ ਧਿਰ ਸਾਰੇ ਸ਼ਹਿਰ ਦੀਆਂ ਕਈ ਖਾਲੀ ਥਾਵਾਂ ਛੱਡ ਕੇ ਇਸੇ ਚੌਂਕ ਵਿਚ ਹੀ 'ਘੰਟਾ ਘਰ' ਬਣਾਉਣ ਲਈ ਬਜਿੱਦ ਹੈ। ਦੂਜਾ ਇਹ ਕਿ ਹਰ ਵੱਡੇ ਪ੍ਰਰੋਜੈਕਟ ਤੋਂ ਪਹਿਲੋਂ ਅਖ਼ਬਾਰਾਂ ਵਿਚ ਕਈ ਕਈ ਬਿਆਨ ਲਗਵਾਉਣ ਵਾਲੇ ਅਧਿਕਾਰੀ ਆਖਰ ਚੁੱਪ ਚੁਪੀਤੇ ਕਿਉਂ ਇਸ ਪ੍ਰਰੋਜੈਕਟ ਨੂੰ ਨੇਪਰੇ ਚਾੜਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਸਬੰਧੀ ਜਿਥੇ ਸ਼ਹੀਦ ਊਧਮ ਸਿੰਘ ਭਵਨ ਕਮੇਟੀ ਵੱਲੋਂ ਇਸ 'ਤੇ ਇਤਰਾਜ਼ ਜਤਾਇਆ ਗਿਆ , ਉਥੇ ਵੱਖ ਵੱਖ ਸਿਆਸੀ ਧਿਰਾਂ ਦੇ ਆਗੂਆਂ ਵੱਲੋਂ ਵੀ ਸਰਕਾਰ ਦੇ ਇਸ ਫੈਸਲੇ ਦੀ ਰੱਜ ਕੇ ਨਿਖੇਧੀ ਕੀਤੀ ਗਈ। ਇਸ ਨੂੰ ਲੈ ਕੇ ਸ਼ਹੀਦ ਊਧਮ ਸਿੰਘ ਭਵਨ ਕਮੇਟੀ ਵੱਲੋਂ ਇਕ ਵਫਦ ਸ਼ਨੀਚਰਵਾਰ ਨੂੰ ਸਥਾਨਕ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੂੰ ਮਿਲਿਆ ਅਤੇ ਇਸ ਮਾਮਲੇ ਸਬੰਧੀ ਨਾਰਾਜਗੀ ਜਤਾਈ। ਇਸ ਸਬੰਧੀ ਵਫਦ ਨੇ ਵਿਧਾਇਕ ਨੂੰ ਬੇਨਤੀ ਕੀਤੀ ਕਿ ਇਸ ਚੌਂਕ ਵਿਚ ਘੰਟਾ ਘਰ ਬਣਾਏ ਜਾਣ ਨਾਲ ਤਾਂ ਸ਼ਹੀਦ ਊਧਮ ਸਿੰਘ ਦੀ ਪਛਾਣ ਹੀ ਖਤਮ ਹੋੋ ਜਾਏਗੀ। ਆਉਣ ਵਾਲੇ ਸਮੇਂ ਵਿਚ ਹਰ ਕੋਈ ਇਸ ਨੂੰ ਘੰਟਾ ਘਰ ਚੌਕ ਨਾਲ ਹੀ ਜਾਣਿਆ ਕਰੇਗਾ। ਇਸ 'ਤੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਉਨ੍ਹਾਂ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਸਬੰਧੀ ਜਾਣੂ ਕਰਵਾਉਂਦਿਆਂ ਦੱਸਿਆ ਗਿਆ ਕਿ ਇਹ ਘੰਟਾ ਘਰ ਵੀ ਉਨ੍ਹਾਂ ਵਿਕਾਸ ਕਾਰਜਾ ਦਾ ਹੀ ਇਕ ਹਿੱਸਾ ਹੈ। ਇਸ 'ਤੇ ਵਫਦ ਵੱਲੋਂ ਇਸ ਘੰਟਾ ਘਰ ਨੂੰ ਕਿਸੇ ਹੋਰ ਚੌਂਕ ਜਾਂ ਖਾਲੀ ਪਈਆਂ ਅਨੇਕਾਂ ਥਾਵਾਂ ਵਿਚੋਂ ਕਿਸੇ ਇਕ ਵਿਚ ਤਬਦੀਲ ਕਰਨ ਲਈ ਬੇਨਤੀ ਕੀਤੀ ਗਈ । ਦੂਜੇ ਪਾਸੇ ਇਸ ਨੂੰ ਸ਼ਹੀਦ ਦੀ ਪਹਿਚਾਣ ਖਤਮ ਕਰਨ ਦੀ ਇਕ ਸਾਜਿਸ਼ ਕਰਾਰ ਦੇਂਦਿਆਂ ਕਈ ਤਰਾਂ ਦੇ ਮੈਸੇਜ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦਿਆਂ ਹੀ ਚੁਫੇਰੇ ਸਰਕਾਰ ਦੇ ਇਸ ਕਦਮ ਦੀ ਨਿਖੇਧੀ ਹੋਣ ਲੱਗੀ।

...............

ਸ਼ਹੀਦ ਦੀ ਸੋਚ ਮਿਟਾਉਣ ਦੀ ਸਾਜਿਸ਼ ਕਾਮਯਾਬ ਨਹੀਂ ਹੋਵੇਗੀ : ਚਰਨਜੀਤ ਸਿੰਘ ਬਰਾੜ

ਹਾਕਮ ਧਿਰ ਦੇ ਇਸ ਕਦਮ ਦੀ ਨਿਖੇਧੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਕੱਤਰ ਚਰਨਜੀਤ ਸਿੰਘ ਬਰਾੜ ਨੇ ਆਖਿਆ ਕਿ ਅੱਜ ਜੇਕਰ ਅਸੀ ਪੰਜਾਬੀ ਪੂਰੀ ਦੁਨੀਆਂ ਚ ਅਣਖੀ ਅਤੇ ਸੰਘਰਸ਼ੀ ਹੋਣ ਦਾ ਮਾਣ ਮਹਿਸੂਸ ਕਰਦੇ ਹੋਏ ਭਾਰਤ ਦੀ ਧਰਤੀ 'ਤੇ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਤਾਂ ਉਹ ਸ਼ਹੀਦ ਉਧਮ ਸਿੰਘ, ਸ਼ਹੀਦ ਭਗਤ ਸਿੰਘ ਵਰਗੇ ਮਹਾਨ ਯੋਧਿਆਂ ਦੀ ਸ਼ਹਾਦਤ ਬਦੌਲਤ ਹੀ ਮਾਣ ਰਹੇ ਹਾਂ ,ਜਿਨ੍ਹਾਂ ਦੇ ਨਾਂਅ ਅਤੇ ਦੇਸ਼ ਕੌਮ ਪ੍ਰਤੀ ਪਿਆਰ ਦੀ ਸੋਚ ਦੇ ਦਿੱਤੇ ਸੰਦੇਸ਼ ਨੂੰ ਮਿਟਾਉਣ ਦੇ ਯਤਨਾਂ ਨੂੰ ਕਦੇ ਵੀ ਕਾਮਯਾਬ ਨਹੀ ਹੋਣ ਦਿਆਂਗੇ। ਉਨ੍ਹਾਂ ਫਿਰੋਜ਼ਪੁਰ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਇਸ ਦੀ ਵਿਰੋਧਤਾ ਦੇ ਸ਼ੰਘਰਸ਼ 'ਚ ਡਟਣ ਦੀ ਅਪੀਲ ਕਰਦਿਆਂ ਸਮੂਹ ਸ਼ੰਘਰਸ਼ੀ ਜਥੇਬੰਦੀਆਂ ਦੇ ਨਾਲ ਹਰ ਸਹਿਯੋਗ ਦੇਣ ਦਾ ਐਲਾਨ ਕੀਤਾ।

...........................................

ਸਾਜਿਸ਼ ਤਹਿਤ ਉਸਾਰਿਆ ਜਾ ਰਿਹਾ ਹੈ ਘੰਟਾ ਘਰ : ਕਾਮਰੇਡ ਕੁਲਦੀਪ ਸਿੰਘ ਖੁੰਗਰ

ਸ਼ਹੀਦ ਊਧਮ ਸਿੰਘ ਚੌਂਕ ਵਿਚ ਘੰਟਾ ਘਰ ਉਸਾਰਨ ਨੂੰ ਹਾਕਮ ਧਿਰ ਦੀ ਸਾਜਿਸ਼ ਕਰਾਰ ਦੇਂਦਿਆਂ ਸੀਪੀਆਈਐਮ ਦੇ ਜ਼ਿਲ੍ਹਾ ਸਕੱਤਰੇਤ ਕਾਮਰੇਡ ਕੁਲਦੀਪ ਸਿੰਘ ਖੁੰਗਰ ਨੇ ਆਖਿਆ ਕਿ ਇਹ ਸ਼ਹੀਦ ਦੀ ਮਹੱਤਤਾ ਨੂੰ ਘਟਾਉਣ ਲਈ ਸਾਜਿਸ਼ਨ ਕੀਤੀ ਗਈ ਕਾਰਵਾਈ ਹੈ,ਜੋ ਸਰਾਸਰ ਗਲਤ ਹੈ। ਕਾਮਰੇਡ ਖੁੰਗਰ ਨੇ ਆਖਿਆ ਕਿ ਇਕ ਪਾਸੇ ਹਾਕਮ ਧਿਰ ਵਿਕਾਸ ਕਰਵਾਉਣ ਜਾਂ ਚੌਂਕ ਨੂੰ ਸੰਵਾਰਣ ਦੀ ਗੱਲ ਕਰ ਰਹੀ ਹੈ ਤਾਂ ਪਹਿਲੋਂ ਹੀ ਬਦਹਾਲੀ ਦੇ ਆਲਮ ' 'ਚ ਖੜ੍ਹੇ ਸ਼ਹੀਦ ਦੇ ਇਸ ਚੌਂਕ ਦੇ ਫੁਹਾਰੇ ਮਹਿਜ ਕੁੱਝ ਹਜ਼ਾਰ ਰੁਪਈਆਂ ਨਾਲ ਰਿਪੇਅਰ ਹੋ ਸੱਕਦੇ ਹਨ।

....................................................................

ਸ਼ਹੀਦ ਦੇ ਨਾਂਅ ਨੂੰ ਮਿਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਾਂਗਰਸ ਸਰਕਾਰ; ਸੁਖਪਾਲ ਸਿੰਘ ਨੰਨੂੰ

ਇਸ ਸਬੰਧੀ ਨਾਰਾਜਗੀ ਜਾਹਿਰ ਕਰਦਿਆਂ ਭਾਜਪਾ ਦੇ ਸਾਬਕਾ ਸੀਪੀਐਸ ਸੁਖਪਾਲ ਸਿੰਘ ਨੰਨੂੰ ਨੇ ਆਖਿਆ ਕਿ ਲੰਮੇਂ ਸਮੇਂ ਤੋਂ ਸ਼ਹੀਦ ਊਧਮ ਸਿੰਘ ਚੌਂਕ ਵਜੋਂ ਜਾਣੇ ਜਾਂਦੇ ਸ਼ਹੀਦੇ ਦੇ ਇਸ ਚੌਂਕ ਨੂੰ ਖਤਮ ਕਰਨ ਲਈ ਕਾਂਗਰਸ ਸਰਕਾਰ ਦੀ ਇਹ ਗਿਣੀ ਮਿਥੀ ਸਾਜਿਸ਼ ਹੈ। ਉਨ੍ਹਾਂ ਆਖਿਆ ਕਿ ਇਹ ਘੰਟਾ ਘਰ ਚੌਂਕ ਦੇ ਨਾਂਅ ਨਾਲ ਜਾਣਿਆ ਜਾਏਗਾ, ਜੋ ਕਿ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਸੁਖਪਾਲ ਸਿੰਘ ਨੰਨੂੰ ਨੇ ਆਖਿਆ ਕਿ ਜੇ ਸਰਕਾਰ ਨੇ ਆਪਣਾ ਇਰਾਦਾ ਨਾ ਛੱਡਿਆ ਤਾਂ ਉਹ ਹਰ ਤਰਾਂ ਦਾ ਵਿਰੋਧ ਕਰਦਿਆਂ ਸੰਘਰਸ਼ ਕਰਨਗੇ।