ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਜਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਕਾਰਨ ਕੈਪਟਨ ਸਰਕਾਰ ਦੀਆਂ ਮੁਸ਼ਕਿਲਾਂ ਵੱਧਦੀਆਂ ਹੀ ਜਾ ਰਹੀਆਂ ਹਨ। ਇਸ ਸਬੰਧੀ ਜਿਥੇ ਆਮ ਆਦਮੀ ਪਾਰਟੀ ਨੇ ਜਗ੍ਹਾ ਜਗ੍ਹਾ ਸਰਕਾਰ ਵਿਰੋਧੀ ਪ੍ਰਦਰਸ਼ਨ ਸ਼ੁਰੂ ਕੀਤੇ ਹੋਏ ਹਨ, ਉਥੇ ਹੁਣ ਭਾਜਪਾ ਮਹਿਲਾ ਮੋਰਚਾ ਦੀਆਂ ਕਾਰਕੁੰਨ ਵੀ ਫਰੰਟ ਫੁੱਟ 'ਤੇ ਨਜ਼ਰ ਆ ਰਹੀਆਂ ਹਨ। ਇਸੇ ਸਿਲਸਿਲੇ ਵਿਚ ਜ਼ਿਲ੍ਹਾ ਫਿਰੋਜ਼ਪੁਰ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਏਕਤਾ ਮੁੰਜਾਲ ਦੀ ਅਗੁਵਾਈ ਵਿਚ ਭਾਜਪਾ ਦੀ ਮਹਿਲਾ ਬਿ੍ਗੇਡ ਨੇ ਜਗ੍ਹਾ ਜਗ੍ਹਾ ਰੋਸ ਪ੍ਰਦਰਸ਼ਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਦੀ ਮੰਗ ਕੀਤੀੇ । ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਵਿਚ ਕੀਤੇ ਪ੍ਰਦਰਸ਼ਨ ਦੌਰਾਨ ਏਕਤਾ ਮੁੰਜਾਲ ਨੇ ਦੱਸਿਆ ਕਿ ਪੰਜਾਬ ਭਾਜਪਾ ਮਹਿਲਾ ਮੋਰਚਾ ਪ੍ਰਧਾਨ ਮੋਨਾ ਜੈਸਵਾਲ ਅਤੇ ਭਾਜਪਾ ਪ੍ਰਧਾਨ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਜ਼ਿਲ੍ਹੇ ਭਰ ਵਿਚ ਪ੍ਰਦਰਸ਼ਨ ਕੀਤੇ ਗਏ। ਏਕਤਾ ਮੁੰਜਾਲ ਨੇ ਦੱਸਿਆ ਕਿ ਵੀਰਵਾਰ ਨੂੰ ਜ਼ਿਲ੍ਹੇ ਦੇ ਹਲਕਾ ਗੁਰੂਹਰਸਹਾਏ, ਮੱਖੂ, ਜ਼ੀਰਾ, ਫਿਰੋਜ਼ਸ਼ਾਹ, ਮੱਲਾਂਵਾਲਾ, ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਵਿਚ ਮਹਿਲਾ ਮੋਰਚਾ ਵੱਲੋਂ ਪ੍ਰਦਰਸ਼ਨ ਕੀਤੇ ਗਏ। ਉਨ੍ਹਾਂ ਆਖਿਆ ਕਿ ਸੂਬੇ ਦੀ ਕੈਪਟਨ ਸਰਕਾਰ ਹਰ ਪੱਖੋਂ ਫੇਲ੍ਹ ਹੋ ਗਈ ਹੈ। ਪੰਜਾਬ ਦਾ ਹਰ ਵਰਗ ਕੈਪਟਨ ਸਰਕਾਰ ਤੋਂ ਬੁਰੀ ਤਰ੍ਹਾਂ ਦੁਖੀ ਹੈ। ਪੰਜਾਬ ਵਿਚ ਪਹਿਲੋਂ ਹੀ ਰੇਤਾ ਅਤੇ ਚਿੱਟਾ ਮਾਫੀਆ ਪੂਰੀ ਤਰ੍ਹਾਂ ਸਰਗਰਮ ਸੀ, ਹੁਣ ਜਹਿਰੀਲੀ ਸ਼ਰਾਬ ਨਾਲ 116 ਪੰਜਾਬੀਆਂ ਦੀਆਂ ਹੋਈਆਂ ਮੌਤਾਂ ਨਾਲ ਕੈਪਟਨ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਬਿਲਕੁਲ ਬੇਨਕਾਬ ਹੋ ਗਿਆ ਹੈ। ਪੰਜਾਬ ਵਿਚ ਕੈਪਟਨ ਦੇ ਮੰਤਰੀਆਂ ਅਤੇ ਵਿਧਾਇਕਾਂ ਦੀ ਮਿਲੀਭੁਗਤ ਨਾਲ ਪੁਲਿਸ ਦੀ ਸ਼ਹਿ 'ਤੇ ਗੈਰ ਕਾਨੂੰਨੀ ਅਨਸਰ ਸਾਰੇ ਦੋ ਨੰਬਰ ਦੇ ਧੰਦੇ ਚਲਾ ਰਹੇ ਹਨ। ਦੂਜੇ ਪਾਸੇ ਜੇ ਗੱਲ ਕਰੀਏ ਕੈਪਟਨ ਦੀ ਵਾਅਦਾ ਖਿਲਾਫੀ ਦੀ ਤਾਂ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੀ ਜਨਤਾ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਏਕਤਾ ਮੁੰਜਾਲ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀ 'ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ। ਇਸ ਲਈ ਉਨ੍ਹਾਂ ਨੂੰ ਫੌਰਨ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸ ਮੌਕੇ ਕਿਰਨ ਸ਼ਰਮਾ, ਰੇਖਾ ਬਜਾਜ, ਸ਼ਕਤੀ ਚੋਪੜਾ, ਰੁਨਿਕਾ ਅਟਵਾਲ, ਗੀਤਾ, ਤਾਨੀਆ, ਰਾਣੀ, ਸੁਮਨ, ਸਰਬਜੀਤ ਕੌਰ, ਸਿੰਮੀ, ਸ਼ਿਸ਼ੀ ਰੋਬੋ, ਰਾਮਾ, ਪੂਨਮ ਮਹਿਤਾ, ਅੰਬਿਕਾ ਬਜਾਜ, ਸੰਤੋਸ਼ ਬਾਂਸਲ, ਗੁਰਪ੍ਰਰੀਤ ਆਦਿ ਹਾਜ਼ਰ ਸਨ।