ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਮਾਂ ਦਾ ਦੁੱਧ ਜਿੱਥੇ ਬੱਚੇ ਦੇ ਚੰਗੇਰੇ ਦਿਮਾਗੀ ਵਿਕਾਸ ਵਿਚ ਮਦਦ ਕਰਨ ਦੇ ਨਾਲ ਖਤਰਨਾਕ ਬੀਮਾਰੀਆਂ ਤੋਂ ਰਾਖੀ ਕਰਦਾ ਹੈ, ਉੱਥੇ ਹੀ ਕੈਸਰ ਦੇ ਨਾਲ ਨਾਲ ਬੀਪੀ, ਸ਼ੂਗਰ ਆਦਿ ਬੀਮਾਰੀਆਂ ਤੋਂ ਬਚਾਉਣ ਵਿਚ ਸਹਾਈ ਸਾਬਿਤ ਹੁੰਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰਜਿੰਦਰ ਮਨਚੰਦਾ ਐੱਸਐੱਮਓ ਮਮਦੋਟ ਵੱਲੋ ਵਿਸ਼ਵ ਸਤਨਪਾਨ ਹਫਤਾ ਮਨਾਉਣ ਮੌਕੇ ਪ੍ਰਗਟ ਕੀਤੇ ਗਏ। ਨਵੀਂ ਪੀੜ੍ਹੀ ਨੂੰ ਸਿਹਤਮੰਦ ਬਣਾਉਣ ਲਈ ਸਿਹਤ ਵਿਭਾਗ ਪੰਜਾਬ ਵੱਲੋਂ ਸੂਬੇ ਭਰ ਦੇ ਹਸਪਤਾਲਾਂ ਵਿਚ ਵਿਸ਼ਵ ਸਤਨਪਾਨ ਹਫਤਾ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਡਾ. ਰਜਿੰਦਰ ਮਨਚੰਦਾ ਐੱਸਐੱਮਓ ਦੀ ਅਗਵਾਈ ਹੇਠ ਅੌਰਤਾਂ ਅਤੇ ਦੁੱੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਬੱਚਿਆਂ ਦੀ ਚੰਗੇਰੀ ਸਿਹਤ ਲਈ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਗਈ। ਇਸ ਮੌਕੇ ਅੰਕੁਸ਼ ਭੰਡਾਰੀ ਬੀਈਈਸੀ ਐੱਚਸੀ ਮਮਦੋਟ ਨੇ ਦੱਸਿਆ ਕਿ ਮਾਂ ਦਾ ਦੁੱਧ ਬੱਚੇ ਲਈ ਅਮਿ੍ਤ ਵਾਂਗ ਹੈ ਅਤੇ ਇਸ ਨਾਲ ਬੱਚੇ ਨੂੰ ਬਿਮਾਰੀਆ ਨਾਲ ਲੜ੍ਹਨ ਦੀ ਸ਼ਕਤੀ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਵਿਗਿਆਨ ਨੇ ਤੱਥ ਕੱਢ ਦਿੱਤੇ ਹਨ ਕਿ ਮਾਂ ਦਾ ਦੁੱਧ ਬੱਚੇ ਨੂੰ ਦੇਣ ਨਾਲ ਦੋਵੇਂ ਜੀਅ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਤੋਂ ਬਚ ਸਕਦੇ ਹਨ ਅਤੇ ਨਾਲ ਹੀ ਬੱਚਿਆਂ ਵਿਚ ਮੋਟਾਪਾ, ਸ਼ੂਗਰ ਅਤੇ ਬਲੱਡ ਪ੍ਰਰੈਸ਼ਰ ਵਰਗੀਆਂ ਬੀਮਾਰੀਆਂ ਹੋਣ ਦਾ ਖਤਰਾ ਕਾਫੀ ਘੱਟ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਵ ਜਨਮੇਂ ਬੱਚਿਆ ਨੂੰ ਛੇ ਮਹੀਨੇ ਤੱਕ ਸਿਰਫ ਮਾਂ ਦਾ ਦੁੱਧ ਹੀ ਦੇਣਾ ਚਾਹੀਦਾ ਹੈ। ਘਰ ਵਿਚ ਮਾਂ ਦੇ ਹੱਥੋਂ ਬਣਾਇਆ ਗਿਆ ਖਾਣਾ ਖਾਣ ਦੀ ਸਲਾਹ ਦਿੰਦਿਆਂ ਉਨ੍ਹਾਂ ਨਵੀਂ ਪੀੜ੍ਹੀ ਨੂੰ ਜੰਕ ਫੂਡ ਤੋਂ ਪ੍ਰਹੇਜ਼ ਰੱਖਣ ਦੀ ਸਲਾਹ ਦਿੱਤੀ। ਮਾਂ ਦੇ ਦੁੱਧ ਦਾ ਸੇਵਨ ਕਰਨ ਨਾਲ ਬੱਚੇ ਦੀ ਮਾਨਸਿਕ ਤੇ ਸਰੀਰ ਤਾਕਤ ਵਿਚ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬੱਚੇ ਨੂੰ ਮਾਂ ਦਾ ਦੁੱਧ ਤਾਕਤ ਹੀ ਨਹੀਂ ਬਖਸ਼ਦਾ ਸਗੋਂ ਉਸ ਦੀ ਬਿਮਾਰੀਆਂ ਨਾਲ ਲੜਨ ਦੇ ਸਮੱਰਥਾ ਵੀ ਇਸ ਨਾਲ ਵਧਦੀ ਹੈ। ਇਸ ਮੌਕੇ ਬੋਲਦਿਆਂ ਮੈਡਮ ਸੁਖਵੰਤ ਐੱਲਐੱਚਵੀ, ਮੈਡਮ ਰਿੰਪਲ, ਹਰਜੀਤ ਏਐੱਨਐੱਮ ਨੇ ਕਿਹਾ ਕਿ ਹਰ ਬੱਚਾ ਆਪਣੀ ਮਾਂ ਦਾ ਚੰਨ ਹੁੰਦਾ ਹੈ ਅਤੇ ਚੰਨ ਨੂੰ ਬਚਾਈ ਰੱਖਣ ਲਈ ਹਰੇਕ ਮਾਂ ਦਾ ਫਰਜ਼ ਬਣਦਾ ਹੈ ਕਿ ਉਹ ਹੋਰਨਾਂ ਸਹੂਲਤਾਂ ਦੇ ਨਾਲ-ਨਾਲ ਬੱਚੇ ਨੂੰ ਵੱਧ ਤੋਂ ਵੱਧ ਸਤਨਪਾਨ ਕਰਵਾਏ। ਇਸ ਮੌਕੇ ਆਸ਼ਾ ਵਰਕਰਾਂ ਸਮੇਤ ਸਿਹਤ ਵਿਭਾਗ ਦਾ ਹੋਰ ਸਟਾਫ ਵੀ ਹਾਜ਼ਰ ਸੀ। ਇਸ ਮੌਕੇ ਮੈਡਮ ਸੁਖਵੰਤ ਐੱਲਐਚਵੀ, ਮੈਡਮ ਰਿੰਪਲ, ਹਰਜੀਤ ਏ ਐੱਨਐੱਮ ਮੌਜ਼ੂਦ ਸਨ।