ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਪੇਂਡੂ ਖੇਤਰਾਂ ਵਿਚ ਵੱਸਦੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਅਤੇ ਵਾਤਾਵਰਨ ਨਾਲ ਜੋੜਨ ਦੀ ਵਿਲੱਖਣ ਮੁਹਿੰਮ ਤਹਿਤ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਜ਼ਿਲ੍ਹੇ ਦੇ ਸਾਰੇ ਛੇ ਬਲਾਕਾਂ ਵਿਚ 65 ਨਵੇਂ ਪਾਰਕ ਬਣਾਏ ਜਾਣਗੇ। ਇਹ ਸਾਰੇ ਪਾਰਕ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਰੁਜ਼ਗਾਰ ਗਰੰਟੀ ਐਕਟ (ਮਗਨਰੇਗਾ) ਯੋਜਨਾ ਦੇ ਤਹਿਤ ਬਣਨਗੇ, ਜਿਸ 'ਤੇ ਕੰਮ ਸ਼ੁਰੂ ਹੋ ਗਿਆ ਹੈ। ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਵਿਭਾਗ ਵੱਲੋਂ ਪ੍ਰਸਤਾਵਿਤ 65 ਪਾਰਕਾਂ ਵਿਚੋਂ 15 ਪਾਰਕ ਘੱਲਖੁਰਦ ਬਲਾਕ ਵਿਚ, 10 ਪਾਰਕ ਬਾਕੀ ਦੇ ਪੰਜ ਬਲਾਕਾਂ ਗੁਰਹਰਸਹਾਏ, ਜ਼ੀਰਾ, ਫਿਰੋਜ਼ਪੁਰ, ਮੱਖੂ ਅਤੇ ਮਮਦੋਟ ਵਿਚ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਸਾਰੇ ਪਾਰਕ ਪਿੰਡਾਂ ਵਿਚ ਖਾਲੀ ਪਈਆਂ ਸਰਕਾਰੀ ਜ਼ਮੀਨਾਂ ਨੂੰ ਖੂਬਸੂਰਤ ਪਾਰਕਾਂ ਵਿਚ ਤਬਦੀਲ ਕਰਕੇ ਬਣਾਏ ਜਾਣਗੇ ਅਤੇ ਸਾਰੇ ਪਾਰਕ ਲੈਂਡਸਕੇਪਿੰਗ ਦੇ ਕੰਮ, ਪੌਦੇ ਲਗਾਉਣ, ਪੈਦਲ ਚੱਲਣ ਅਤੇ ਲਾਈਟਿੰਗ ਸਿਸਟਮ ਨਾਲ ਲੈਸ ਹੋਣਗੇ। ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਇਹ ਯੋਜਨਾ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ, ਉਨ੍ਹਾਂ ਨੂੰ ਕੁਦਰਤ ਦੇ ਨੇੜੇ ਲਿਆਉਣ ਅਤੇ ਪੇਂਡੂ ਖੇਤਰਾਂ ਦੇ ਸੁੰਦਰੀਕਰਨ ਲਈ ਇਕ ਮੀਲ ਪੱਥਰ ਸਾਬਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦਾ ਪਹਿਲਾ ਪਾਰਕ ਮਮਦੋਟ ਬਲਾਕ ਵਿਚ ਬਣਾਇਆ ਗਿਆ ਹੈ, ਜਿਸ 'ਤੇ ਤਕਰੀਬਨ 26.45 ਲੱਖ ਰੁਪਏ ਦਾ ਖਰਚਾ ਆਇਆ ਹੈ। ਇਹ ਪਾਰਕ ਲੋਕਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਪਿੰਡ ਦੇ ਵੱਡੀ ਗਿਣਤੀ ਵਿਚ ਲੋਕ ਇੱਥੇ ਸੈਰ ਕਰਨ ਲਈ ਆਉਂਦੇ ਹਨ। ਜਾਣਕਾਰੀ ਦਿੰਦੇ ਹੋਏ ਡੀਡੀਪੀਓ ਫਿਰੋਜ਼ਪੁਰ ਹਰਜਿੰਦਰ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਸਾਡੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਪ੍ਰਦੂਸ਼ਣ ਦਾ ਪੱਧਰ ਵੱਧ ਰਿਹਾ ਹੈ, ਅਜਿਹੇ ਪਾਰਕ ਸਮੇਂ ਦੀ ਲੋੜ ਹਨ। ਉਨ੍ਹਾਂ ਦੱਸਿਆ ਕਿ 65 ਪਾਰਕਾਂ ਵਿਚੋਂ 29 ਪਾਰਕਾਂ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਜਿਨ੍ਹਾਂ ਵਿਚੋਂ ਚਾਰ ਪਾਰਕ ਘਲਖੁਰਦ ਬਲਾਕ ਵਿਚ, ਸੱਤ ਪਾਰਕ ਗੁਰੂਹਰਸਹਾਏ, ਤਿੰਨ ਪਾਰਕ ਜ਼ੀਰਾ, ਦੋ ਪਾਰਕ ਫਿਰੋਜ਼ਪੁਰ, ਪੰਜ ਪਾਰਕ ਮਖੂ ਅਤੇ ਮਮਦੋਟ ਬਲਾਕ ਵਿਚ ਅੱਠ ਪਾਰਕ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਰਾਜੈਕਟ ਨਾ ਸਿਰਫ ਵਾਤਾਵਰਣ ਦੇ ਪ੍ਰਸੰਗ ਵਿਚ ਇਕ ਸਾਰਥਕ ਕਦਮ ਹੈ, ਬਲਕਿ ਕੋਰੋਨਾ ਮਹਾਂਮਾਰੀ ਦੌਰਾਨ ਮਗਨਰੇਗਾ ਸਕੀਮ ਤਹਿਤ ਪੇਂਡੂ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕਿਉਂਕਿ ਸਾਰੇ ਪਾਰਕ ਮਗਨਰੇਗਾ ਸਕੀਮ ਤਹਿਤ ਤਿਆਰ ਕੀਤੇ ਜਾ ਰਹੇ ਹਨ, ਇਸ ਲਈ ਸਬੰਧਤ ਪਿੰਡ ਤੋਂ ਮਜ਼ਦੂਰਾਂ ਨੂੰ ਰੁਜ਼ਗਾਰ ਦਿੱਤਾ ਜਾਂਦਾ ਹੈ। ਇਸ ਕਾਰਨ ਲੋੜਵੰਦ ਅਤੇ ਗਰੀਬ ਲੋਕਾਂ ਨੂੰ ਰੁਜ਼ਗਾਰ ਦੇ ਚੰਗੇ ਮੌਕੇ ਮਿਲ ਰਹੇ ਹਨ।