ਸਟਾਫ ਰਿਪੋਰਟਰ, ਫਿਰੋਜ਼ਪੁਰ : ਪੰਜਾਬ 'ਚ ਅਮਨ ਕਾਨੂੰਨ ਦੀ ਹਾਲਤ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਹੁਣ ਤਾਂ ਰਾਤ ਨੂੰ ਖੇਤਾਂ ਨੂੰ ਪਾਣੀ ਲਗਾਉਣ ਗਏ ਕਿਸਾਨ ਵੀ ਸੁਰੱਖਿਅਤ ਨਹੀਂ ਹਨ। ਅਜਿਹੀ ਹੀ ਇੱਕ ਵਾਰਦਾਤ ਵਿਚ ਸੋਮਵਾਰ ਰਾਤ ਅੱਠ ਦੇ ਕਰੀਬ ਲੁਟੇਰਿਆਂ ਨੇ ਪਿੰਡ ਡੱਬਿਆਂ ਵਾਲੀ ਦੇ ਕਿਸਾਨ ਨੂੰ ਗੋਲੀ ਮਾਰ ਕੇ ਜ਼ਖਮੀਂ ਕਰ ਦਿੱਤਾ, ਜਿਸ ਦਾ ਫਿਰੋਜ਼ਪੁਰ ਦੇ ਇਕ ਨਿੱਜੀ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਜਗਜੀਤ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਬਸਤੀ ਡੱਬਿਆਂ ਵਾਲੀ ਨੇ ਦੱਸਿਆ ਕਿ ਉਹ ਆਪਣੇ ਸੀਰੀ ਨਾਲ ਬੀਤੀ ਰਾਤ ਆਪਣੇ ਖੇਤਾਂ 'ਚ ਪਾਣੀ ਲਗਾ ਰਿਹਾ ਸੀ ਤਾਂ ਇਸ ਦੌਰਾਨ 8 ਦੇ ਕਰੀਬ ਲੁਟੇਰੇ ਆਏ ਅਤੇ ਉਨ੍ਹਾਂ ਕੋਲੋਂ ਲੁੱਟ ਖੋਹ ਕਰਨ ਦੀ ਨੀਯਤ ਨਾਲ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਗਜੀਤ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਉਸ ਨੇ ਆਪਣੇ ਬਚਾਅ ਲਈ ਆਪਣੇ ਫੋਨ ਤੋਂ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਤਾਂ ਉਹ ਵੀ ਮੌਕੇ 'ਤੇ ਆ ਗਏ।

ਜਗਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਲੁਟੇਰਿਆਂ ਦਾ ਪਿੱਛਾ ਕੀਤਾ ਗਿਆ ਤਾਂ ਫਿਰੋਜ਼ਪੁਰ ਸ਼ਹਿਰ ਸਥਿਤ ਗਿਲਕੋਵੈਲੀ ਨਜ਼ਦੀਕ ਪੈਟਰੋਲ ਪੰਪ ਦੇ ਕੋਲ ਲੁਟੇਰਿਆਂ ਨੇ ਗੋਲੀ ਚਲਾ ਦਿੱਤੀ ਜੋ ਉਸ ਦੇ ਚਾਚੇ ਦੇ ਲੜਕੇ ਗੁਰਨਾਮ ਸਿੰਘ ਪੁੱਤਰ ਦਲਬੀਰ ਸਿੰਘ ਦੇ ਪੈਰ 'ਤੇ ਲੱਗੀ ਤੇ ਉਹ ਗੰਭੀਰ ਜ਼ਖਮੀਂ ਹੋ ਗਿਆ। ਜਗਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਰੌਲਾ ਪਾਉਣ 'ਤੇ ਲੁਟੇਰੇ ਹਨ੍ਹੇਰੇ ਦਾ ਫਾਇਦਾ ਉੱਠਾ ਕੇ ਭੱਜਣ ਵਿਚ ਕਾਮਯਾਬ ਹੋ ਗਏ। ਗੁਰਨਾਮ ਸਿੰਘ ਨੂੰ ਜ਼ਖਮੀਂ ਹਾਲਤ ਵਿਚ ਪਹਿਲੋਂ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿਥੇ ਡਾਕਟਰਾਂ ਵੱਲੋਂ ਉਸ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਫਿਰੋਜ਼ਪੁਰ ਦੇ ਇਕ ਨਿੱਜੀ ਹਸਪਤਾਲ ਵੱਲ ਰੈਫਰ ਕਰ ਦਿੱਤਾ ਗਿਆ। ਜਗਜੀਤ ਸਿੰਘ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਉਨ੍ਹਾਂ ਨੇ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਿਸ ਨੂੰ ਦੇ ਦਿੱਤੀ ਹੈ।