ਸਟਾਫ ਰਿਪੋਰਟਰ, ਫਾਜ਼ਿਲਕਾ : ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਅਬੋਹਰ ਦੇ ਚੱਲ ਰਹੇ ਅਤੇ ਨਵੇਂ ਸ਼ੁਰੂ ਹੋਣ ਵਾਲੇ ਵਿਕਾਸ ਕੰਮ ਦੀ ਸਮੀਖਿਆ ਕੀਤੀ। ਇਸ ਮੌਕੇ ਏ.ਡੀ.ਸੀ.-ਕਮ-ਨਗਰ ਨਿਗਮ ਅਬੋਹਰ ਅਭਿਜੀਤ ਕਪਲੀਸ਼ ਅਤੇ ਸੰਦੀਪ ਜਾਖੜ ਵੀ ਹਾਜਰ ਸਨ। ਬੈਠਕ ਦੌਰਾਨ ਅਬੋਹਰ ਵਿਖੇ ਬਣਨ ਵਾਲੇ ਸਰਕਾਰੀ ਕਾਲਜ ਅਤੇ ਹਨੁਮਾਨਗੜ੍ਹ ਤੇ ਸੀਤੋ ਰੋਡ ਨੂੰ ਚੌੜਾ ਕਰਨ ਸਬੰਧੀ ਵਿਚਾਰ-ਚਰਚਾਵਾਂ ਕੀਤੀਆਂ ਗਈਆਂ। ਇਨ੍ਹਾਂ ਦੋਹਾਂ ਸੜਕਾਂ 'ਤੇ 25 ਕਰੋੜ ਰੁਪਏ ਦਾ ਖਰਚ ਆਵੇਗਾ। ਇਸੇ ਸਾਲ ਦੇ ਬਜਟ ਵਿੱਚ ਪੰਜਾਬ ਸਰਕਾਰ ਵੱਲੋਂ ਐਲਾਨੇ ਵੈਟਨਰੀ ਕਾਲਜ ਲਈ ਜਮੀਨ ਦੀ ਨਿਸ਼ਾਨਦੇਹੀ ਕਰਨ ਦੇ ਨਿਰਦੇਸ਼ ਵੀ ਡਿਪਟੀ ਕਮਿਸ਼ਨਰ ਨੇ ਦਿੱਤੇ। ਉਨ੍ਹਾਂ ਇਹ ਵੀ ਦੱਸਿਆ ਕਿ ਪਿੰਡ ਦੀਵਾਨ ਖੇੜਾ ਦੇ ਸਰਕਾਰ ਸਕੂਲ ਨੂੰ ਹਾਈ ਤੋਂ ਅਪਗ੍ਰੇਡ ਕਰਕੇ ਸੀਨੀਅਰ ਸੈਕੰਡਰੀ ਕਰਨ ਅਤੇ ਗਵਰਮੈਂਟ ਬੇਸਿਕ ਮਿਡਲ ਸਕੂਲ ਅਬੋਹਰ ਨੂੰ ਮਿਡਲ ਤੋਂ ਹਾਈ ਕਰਨ ਸਬੰਧੀ ਪ੍ਰਸਤਾਵ ਸਰਕਾਰ ਨੂੰ ਭੇਜਿਆ ਗਿਆ ਹੈ। ਇਸ ਤੋਂ ਬਿਨਾਂ ਢਾਣੀ ਮਸੀਤ, ਢਾਣੀ ਚਿਰਾਗ, ਢਾਣੀ ਡੰਡੇ ਵਾਲੀ, ਢਾਣੀ ਕਰਨੈਲ ਸਿੰਘ, ਢਾਣੀ ਲਟਕਣ, ਢਾਣੀ ਸਫੀ, ਢਾਣੀ ਅਰੂੜ ਸਿੰਘ ਵਿਖੇ ਪੀਣ ਦੇ ਪਾਣੀ ਦੀ ਵਿਵਸਥਾ ਲਈ 5.35 ਕਰੋੜ ਰੁਪਏ ਨਾਲ ਵਾਟਰ ਵਕਰਸ ਬਣਾਉਣ 'ਤੇ ਵੀ ਚਰਚਾ ਕੀਤੀ ਗਈ। ਇਸ ਤੋਂ ਬਿਨਾਂ ਅਜੀਤ ਨਗਰ, ਬਾਬਾ ਜੀਵਨ ਸਿੰਘ ਨਗਰ, ਕੱਚਾ ਸੀਡ ਫਾਰਮ, ਪੱਕਾ ਸੀਡ ਫਾਰਮ, ਸਰਾਭਾ ਨਗਰ, ਉਧਮ ਸਿੰਘ ਨਗਰ, ਕਰਮ ਨਗਰ ਅਤੇ ਢਾਣੀ ਕੜਾਕਾ ਸਿੰਘ ਦੇ 13197 ਲੋਕਾਂ ਲਈ ਪੀਣ ਦੇ ਪਾਣੀ ਦੀ ਵਿਵਸਥਾ ਕਰਨ ਬਾਰੇ ਵੀ ਚਰਚਾ ਹੋਈ। ਇਸ ਤੋਂ ਬਿਨਾਂ ਦੱਸਿਆ ਗਿਆ ਕਿ ਅਬੋਹਰ ਦੀ ਲਕੜ ਮੰਡੀ ਦਾ ਕੰਮ ਪਹਿਲਾਂ ਹੀ ਚੱਲ ਰਿਹਾ ਹੈ ਜਦਕਿ ਸਿੰਚਾਈ ਵਿਭਾਗ ਮਲੁਕਪੁਰਾ ਡਿਸਟਿ੍ਬਿਉਟਰੀ ਅਤੇ ਦੌਲਤਪੁਰਾ ਮਾਈਨਰ 'ਤੇ ਕ੍ਰਮਵਾਰ 2.77 ਅਤੇ 2.75 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਜਦਕਿ ਇਨ੍ਹਾਂ ਨਹਿਰ 'ਤੇ ਬਾਕੀ ਨਵੀਨੀਕਰਨ ਲਈ ਫੰਡ ਮੰਗੇ ਗਏ ਹਨ। ਬੈਠਕ ਵਿੱਚ ਖਾਲੇ ਪੱਕੇ ਕਰਨ ਸਬੰਧੀ ਅਤੇ ਪਿੰਡਾਂ ਦੇ ਵਾਟਰ ਵਰਕਸਾਂ ਸਬੰਧੀ ਵੀ ਚਰਚਾ ਕੀਤੀ ਗਈ।