ਬਗੀਚਾ ਸਿੰਘ, ਮਮਦੋਟ : ਦੁਨੀਆ ਭਰ ਵਿਚ ਪੈਰ ਪਸਾਰ ਚੁੱਕੀ ਬਿਮਾਰੀ ਕੋਰੋਨਾ ਵਾਇਰਸ ਤੋਂ ਪੰਜਾਬ ਦੇ ਹਰੇਕ ਵਰਗ ਦੇ ਲੋਕ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਦੀ ਬਾਂਹ ਫੜਦਿਆਂ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਸਹਾਇਤਾ ਕਰਨੀ ਚਾਹੀਦੀ ਹੈ। ਇਹ ਸ਼ਬਦ ਸਾਬਕਾ ਹਲਕਾ ਵਿਧਾਇਕ ਿਫ਼ਰੋਜ਼ਪੁਰ ਦਿਹਾਤੀ ਜੋਗਿੰਦਰ ਸਿੰਘ ਜਿੰਦੂ ਨੇ ਪਿੰਡ ਦਰੀਏ ਕੇ ਵਿਖੇ ਰਾਜ ਕੁਮਾਰ ਮੈਣੀ ਦੇ ਘਰ ਵਿਸ਼ੇਸ਼ ਮੁਲਾਕਾਤ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਪੰਜਾਬ ਦੇ ਕਿਸਾਨ, ਮਜ਼ਦੂਰ ਅਤੇ ਕਾਰੋਬਾਰੀਆਂ ਸਮੇਤ ਹਰੇਕ ਵਿਅਕਤੀ ਦਾ ਕੰਮ ਠੱਪ ਹੋ ਕੇ ਰਹਿ ਗਿਆ ਹੈ ਤੇ ਅਜਿਹੇ ਵਿਚ ਸੂਬਾ ਸਰਕਾਰ ਤੇਲ ਪਦਾਰਥਾਂ ਉਪਰ ਵਾਧੂ ਟੈਕਸ, ਬਿਜਲੀ ਬਿੱਲਾਂ ਵਿਚ ਵਾਧਾ ਕਰਨ ਉਪਰੰਤ ਹੁਣ ਪੰਜਾਬ ਵਿਚ ਜ਼ਮੀਨ ਇੰਤਕਾਲ ਦੀਆਂ ਫ਼ੀਸਾਂ ਦੁੱਗਣੀਆਂ ਕਰਕੇ ਲੋਕ ਵਿਰੋਧੀ ਹੋਣ ਦਾ ਸਬੂਤ ਦੇ ਰਹੀ ਹੈ। ਸਾਬਕਾ ਵਿਧਾਇਕ ਜਿੰਦੂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰੀ ਟੈਕਸਾਂ ਵਿਚ ਛੋਟ ਦੇ ਕੇ ਪੰਜਾਬ ਦੇ ਲੋਕਾਂ ਨੂੰ ਫ਼ੌਰੀ ਰਾਹਤ ਦਿੱਤੀ ਜਾਵੇ। ਇਸ ਮੌਕੇ ਸਰਕਲ ਪ੍ਰਧਾਨ ਚਮਕੌਰ ਸਿੰਘ ਟਿੱਬੀ, ਰਾਜ ਕੁਮਾਰ ਮੈਣੀ, ਇੰਦਰਜੀਤ ਸਿੰਘ ਟਿੱਬੀ, ਜੱਜਬੀਰ ਸਿੰਘ, ਗੋਰਾ ਜਲਾਲਾਬਾਦ, ਗੁਰਦੇਵ ਸਿੰਘ, ਸੁਰਿੰਦਰ ਕਾਲਾ, ਸੋਨੂੰ ਸੇਠੀ, ਜੋਗਿੰਦਰ ਪਾਲ ਮੈਣੀ ਆਦਿ ਮੌਜੂਦ ਸਨ।