ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਪੇਂਡੂ ਡਿਸਪੈਂਸਰੀਆਂ ਵਿਚ ਕੰਮ ਕਰ ਰਹੇ ਮੁਲਾਜ਼ਮਾਂ ਦਾ ਧਰਨਾ 15ਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਧਰਨੇ ਵਿਚ ਪੇਂਡੂ ਫਾਰਮੇਸੀ ਯੂਨੀਅਨ ਦੇ ਪ੍ਰਧਾਨ ਹਨੂੰ ਤਿਵਾੜੀ ਨੇ ਆਖਿਆ ਕਿ ਪੇਂਡੂ ਲੋਕਾਂ ਦੀਆਂ ਸਿਹਤ ਸੇਵਾਵਾਂ ਪ੍ਰਤੀ ਘੋਰ ਲਾਪ੍ਰਵਾਹੀ ਵਿਖਾ ਕੇ ਸਰਾਕਰ ਪੇਂਡੂ ਫਾਰਮੇਸੀ ਅਫਸਰਾਂ ਅਤੇ ਦਰਜਾਚਾਰ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਕੋਈ ਵੀ ਠੋਸ ਕਦਮ ਨਹੀਂ ਦਿਖਾ ਰਹੀ ਹੈ। ਕੋਵਿਡ 19 ਕਾਰਨ ਪਿੰਡਾਂ ਦੇ ਗਰੀਬ ਲੋਕਾਂ ਨੂੰ ਮਹਿੰਗੇ ਭਾਅ ਝੋਲਾ ਛਾਪ ਡਾਕਟਰਾਂ ਪਾਸੋਂ ਸਿਹਤ ਸੇਵਾਵਾਂ ਲੈਣੀਆਂ ਪੈ ਰਹੀਆਂ ਹਨ। ਪੇਂਡੂ ਡਿਸਪੈਂਸਰੀਆਂ ਵਿਚ ਕੰਮ ਕਰ ਰਹੇ ਫਾਰਮੇਸੀ ਅਫਸਰ ਅਤੇ ਦਰਜਾਚਾਰ ਪਿਛਲੇ 15 ਸਾਲਾਂ ਤੋਂ ਇਕ ਮਜ਼ਦੂਰ ਤੋਂ ਵੀ ਘੱਟ ਦਿਹਾੜੀ ਤੇ ਕੰਮ ਕਰ ਰਹੇ ਹਨ। ਇਨ੍ਹਾਂ ਮੁਲਾਜ਼ਮਾਂ ਨੇ ਕੋਵਿਡ 19 ਦੀ ਭਿਆਨਕ ਮਹਾਂਮਾਰੀ ਵਿਚ ਪੰਜਾਬ ਦੇ ਗੁਰਦੁਆਰਿਆਂ, ਮੰਦਿਰਾਂ, ਏਅਰਪੋਰਟ, ਸਾਰੇ ਬਾਰਡਰਾਂ, ਜੇਲ੍ਹਾਂ ਸਰਕਾਰੀ ਹਸਪਤਾਲਾਂ, ਆਈਸੋਲੇਸ਼ਨ ਵਾਰਡ, ਕੋਰੋਨਾ ਟੈਸਟ ਸੈਂਟਰ, ਸੈਂਪਿਲੰਗ ਆਦਿ ਤੇ 24 ਘੰਟੇ ਅਮਰਜੈਂਸੀ ਡਿਊਟੀਆਂ ਕੀਤੀਆਂ ਹਨ। ਪੰਚਾਇਤ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਨੂੰ ਰੈਗੂਲਰ ਕਰ ਰਹੇ ਹਾਂ, ਪਰ ਸਭ ਲਾਰੇ ਨਿਕਲੇ, ਜਿਸ ਤੋਂ ਬਾਅਦ ਸਾਨੂੰ ਇਨ੍ਹਾਂ ਡਿਊਟੀਆਂ ਦਾ ਬਾਈਕਾਟ ਕਰਨਾ ਪਿਆ। ਸਾਡੇ ਮੁਲਾਜ਼ਮਾਂ ਨੂੰ ਕੋਈ ਹੈੱਲਥ ਇੰਨਸ਼ੋਰੈਂਸ ਨਹੀਂ ਦਿੱਤਾ ਗਿਆ। ਅੱਜ ਦੇ ਧਰਨੇ ਵਿਚ ਨਾਰਦਨ ਰੇਲਵੇ ਦਾ ਪ੍ਰਧਾਨ ਸੁਰਿੰਦਰ ਸਿੰਘ, ਆਲ ਇੰਪਲਾਈਜ਼ ਕੋਆਰਡੀਨੇਸ਼ਨ ਯੂਨੀਅਨ ਦੇ ਪਧਾਨ ਸੁਭਾਸ਼ ਸ਼ਰਮਾ, ਸੁਬਾਰਡੀਨੇਟ ਸਰਵਿਸਿਜ਼ ਯੂਨੀਅਨ ਦੇ ਪ੍ਰਧਾਨ ਕਿਸ਼ਨ ਚੰਦ ਜਾਗੋਵਾਲੀਆ ਨੇ ਸੰਬੋਧਨ ਕਰਦਿਆਂ ਯੂਨੀਅਨ ਨੂੰ ਡੰਡਾ, ਚੰਦਾ, ਝੰਡਾ ਤੇ ਬੰਦਾ ਲਈ ਸਮਰੱਥਨ ਦਿੱਤਾ। ਇਸ ਧਰਨੇ ਨੂੰ ਪੇਂਡੂ ਫਾਰਮੇਸੀ ਯੂਨੀਅਨ ਦੇ ਪ੍ਰਧਾਨ ਤੋਂ ਇਲਾਵਾ ਰਾਜਅਨਮੋਲ ਸਿੰਘ, ਗੁਰਦੇਵ ਭੁੱਟੋ, ਮਨਮੋਹਨ ਸਿੰਘ, ਹਰਗੁਰਸ਼ਰਨ ਸਿੰਘ, ਰਛਪਾਲ ਸਿੰਘ, ਨਛੱਤਰ ਸਿੰਘ, ਸ਼ਿੰਦਰ ਕੌਰ, ਵੀਰਪਾਲ ਕੌਰ, ਹਰਜੀਤ ਕੌਰ ਆਦਿ ਨੇ ਵੀ ਸੰਬੋਧਨ ਕੀਤਾ।